ਅਰਵਿੰਦ ਖੰਨਾ ਦਾ ਕਾਲੀਆਂ ਝੰਡੀਆਂ ਨਾਲ ਬੀਕੇਯੂ ਏਕਤਾ ਡਕੌਂਦਾ ਅਤੇ ਉਗਰਾਹਾਂ ਵੱਲੋਂ ਤਿੱਖਾ ਵਿਰੋਧ
ਦਲਜੀਤ ਕੌਰ
ਮਹਿਲਕਲਾਂ, 18 ਮਈ, 2024: ਲੋਕ ਸਭਾ ਚੋਣਾਂ ਦਾ ਸਮਾਂ ਜਿਉਂ ਜਿਉਂ ਨੇੜੇ ਆ ਰਿਹਾ ਹੈ ਤਾਂ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਸਮੁੱਚੇ ਪੰਜਾਬ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸੰਗਰੂਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਮਹਿਲਕਲਾਂ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਇਸ ਦੀ ਭਿਣਕ ਜਿਉਂ ਹੀ ਸੰਘਰਸ਼ ਸ਼ੀਲ ਕਿਸਾਨ ਜਥੇਬੰਦੀਆਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਵਿੱਚ ਇਕੱਠੇ ਹੋ ਗਏ ਅਤੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਸਤਨਾਮ ਸਿੰਘ ਮੂੰਮ, ਅਮਰਜੀਤ ਸਿੰਘ ਅਤੇ ਅੰਗਰੇਜ਼ ਸਿੰਘ ਰਾਏਸਰ ਆਦਿ ਆਗੂਆਂ ਨੇ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ 732 ਕਿਸਾਨਾਂ ਦੀ ਕਾਤਲ ਹੈ, ਇਸ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਐਮ ਐਸ ਪੀ ਸਮੇਤ ਕੋਈ ਵੀ ਵਾਅਦਾ ਲਾਗੂ ਨਹੀਂ ਕੀਤਾ। ਕਿਸਾਨਾਂ ਨੂੰ ਆਪਣੀਆਂ ਮੰਗਾਂ ਹੱਲ ਕਰਵਾਉਣ ਲਈ ਦਿੱਲੀ ਜਾਣ ਦੇ ਰਸਤੇ ਬੰਦ ਕੀਤੇ ਹੋਏ ਹਨ ਅਤੇ ਖੁਦ ਵੋਟਾਂ ਦੀ ਫ਼ਸਲ ਮੁੰਨਣ ਲਈ ਪਿੰਡਾਂ ਵਿੱਚ ਹਰਲ ਹਰਲ ਕਰਦੇ ਫਿਰਦੇ ਹਨ। ਇਸ ਲਈ ਹੀ ਇਨ੍ਹਾਂ ਦੀ ਕਿਸਾਨ-ਮਜਦੂਰ ਵਿਰੋਧੀ ਨੀਤੀ ਅਤੇ ਲਾਰਿਆਂ ਤੋਂ ਅੱਕੇ ਲੋਕ ਸਵਾਲ ਕਰ ਰਹੇ ਹਨ। ਹਾਕਮ ਸਵਾਬ ਦੇਣ ਤੋਂ ਟਾਲਾ ਵੱਟਦੇ ਹਨ। ਪੁਲਿਸ ਕਿਸਾਨਾਂ ਨੂੰ ਦਿੱਲੀ ਜਾਣ ਵੇਲੇ ਅੱਥਰੂ ਗੈਸ ਦੇ ਗੋਲੇ ਵਹਾਉਂਦੀ ਹੈ, ਨੌਜਵਾਨ ਸ਼ੁਭ ਕਰਨ ਸਿੰਘ ਵਰਗਿਆਂ ਨੂੰ ਗੋਲੀਆਂ ਮਾਰਕੇ ਸ਼ਹੀਦ ਕਰਦੀ ਹੈ ਪਰ ਫ਼ਸਲੀ ਬਟੇਰਿਆਂ ਦੀ ਰਾਖੀ ਲਈ ਪੰਜਾਬ ਸਰਕਾਰ ਪੁਲਿਸ ਦੀਆਂ ਧਾੜਾਂ ਭੇਜ ਰਹੀ ਹੈ।