ਅਸੀਂ ਤੋੜਨ ਦੀ ਬਜਾਏ ਜੋੜਨ ਦੀ ਰਾਜਨੀਤੀ ਕਰਦੇ ਹਾਂ: ਮੀਤ ਹੇਅਰ
- ਮੀਤ ਹੇਅਰ ਵੱਲੋਂ ਮਾਲਰੇਕੋਟਲਾ ਹਲਕੇ ਦੇ ਪਿੰਡਾਂ ਦੇ ਦੌਰੇ
ਦਲਜੀਤ ਕੌਰ
ਮਾਲੇਰਕੋਟਲਾ, 21 ਮਈ, 2024: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਜੋੜਨ ਦੀ ਰਾਜਨੀਤੀ ਕਰਦੀ ਹੈ ਨਾ ਕਿ ਦੂਜੀਆਂ ਪਾਰਟੀਆਂ ਵਾਂਗ ਤੋੜਨ ਦੀ।
ਮਾਲੇਰਕੋਟਲਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਹੁਣ ਤੱਕ ਸਾਡੇ ਸਿਆਸਤਦਾਨਾਂ ਨੇ ਧਰਮ, ਜਾਤ, ਫਿਰਕੇ ਦੇ ਆਧਾਰ ਉਤੇ ਵੰਡੀਆਂ ਹੀ ਪਾਈਆਂ ਹਨ। ਮੌਜੂਦਾ ਭਾਜਪਾ ਦੀ ਕੇਂਦਰ ਸਰਕਾਰ ਆਪਣੀਆਂ 10 ਸਾਲਾਂ ਦੇ ਕੰਮਾਂ ਦੀ ਬਜਾਏ ਫਿਰਕੂ ਵੰਡੀਆਂ ਪਾ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ-ਪੈਗੰਬਰਾਂ, ਦੇਵੀ-ਦੇਵਤਿਆਂ ਦੀ ਚਰਨ ਛੋਹ ਹੈ ਅਤੇ ਇੱਥੇ ਸਭ ਧਰਮਾਂ, ਜਾਤਾਂ ਦੇ ਲੋਕ ਮਿਲ ਕੇ ਰਹਿੰਦੇ ਹਨ।
ਮੀਤ ਹੇਅਰ ਨੇ ਕਿਹਾ ਕਿ ਸਾਡੀ ਪਾਰਟੀ ਦਾ ਟੀਚਾ ਲੋਕਾਂ ਨੂੰ ਆਪਸ ਵਿੱਚ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਸਾਡੀ ਸੂਬਾ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ ਉਤੇ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵੀਂ ਕੇਂਦਰ ਸਰਕਾਰ ਵਿੱਚ ਆਪ ਅਹਿਮ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਰੁਕੇ ਫੰਡ ਜਾਰੀ ਕਰਵਾਏ ਜਾਣਗੇ ਅਤੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਵਾਂਗੇ।
ਇਸ ਮੌਕੇ ਮਾਲੇਰਕੋਟਲਾ ਤੋਂ ਵਿਧਾਇਕ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੀਤ ਹੇਅਰ ਨੇ ਕੈਬਨਿਟ ਮੰਤਰੀ ਵਜੋਂ ਦੋ ਸਾਲਾਂ ਵਿੱਚ ਲਾਮਿਸਾਲ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਇਕ-ਜੁੱਟ ਹੋ ਕੇ ਮੀਤ ਹੇਅਰ ਨੂੰ ਪਾਰਲੀਮੈਂਟ ਵਿੱਚ ਭੇਜਣਾ ਚਾਹੀਦਾ ਹੈ ਤਾਂ ਉਹ ਸੰਗਰੂਰ ਦੇ ਹੱਕਾਂ ਦੀ ਰਾਖੀ ਕਰ ਸਕਣ। ਉਨ੍ਹਾਂ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਮਾਲੇਰਕੋਟਲਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।