ਅੰਬੂਜਾ ਧਰਨਾਕਾਰੀਆਂ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ, ਪ੍ਰਦੂਸ਼ਣ ਸੰਬੰਧੀ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਵਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 15 ਮਈ 2024: ਪਿਛਲੇ ਦੋ ਸਾਲਾਂ ਤੋਂ ਅੰਬੂਜਾ ਸੀਮਿੰਟ ਫੈਕਟਰੀ ਦੇ ਅੱਗੇ ਜੋ ਪ੍ਰਦੂਸ਼ਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਧਰਨਾ ਲਗਾਇਆ ਹੋਇਆ ਹੈ ਉਸ ਧਰਨੇ ਦੇ ਧਰਨਾਕਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਦੇ ਨਾਲ ਬੀਤੇ ਦਿਨੀ ਰੂਪਨਗਰ ਵਿੱਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਤੇ ਇਲਾਕੇ ਚ ਜੋ ਵੀ ਅੰਬੂਜਾ ਸੀਮਿੰਟ ਫੈਕਟਰੀ ਦੇ ਹੋ ਰਹੇ ਪ੍ਰਦੂਸ਼ਣ ਸੰਬੰਧੀ ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ। ਲਿਖਤੀ ਰੂਪ ਚ ਸਾਰੀ ਜਾਣਕਾਰੀ ਦਿੱਤੀ ਗਈ ਤੇ ਦੱਸਿਆ ਕਿ ਕਿਵੇ ਦੋ ਸਾਲਾਂ ਤੋਂ ਉਹਨਾਂ ਵੱਲੋਂ ਇਲਾਕੇ ਨੂੰ ਬਚਾਉਣ ਦੇ ਲਈ ਸ਼ੰਘਰਸ਼ ਕੀਤਾ ਜਾ ਰਿਹਾ ਹੈ ਤੇ ਕਿਵੇਂ ਸਰਕਾਰ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਧਰਨਾਕਾਰੀਆਂ ਦੀਆਂ ਗੱਲਾਂ ਬਾਤਾਂ ਸੁਣਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਚ ਮੁੱਚ ਉਹਨਾਂ ਦੀਆਂ ਸਮੱਸਿਆਵਾਂ ਜਾਇਜ ਹਨ ਤੇ ਉਹ ਇਸ ਲਈ ਉਹਨਾਂ ਦੇ ਨਾਲ ਖੜੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਵੀ ਉਹਨਾ ਦੇ ਨਾਲ ਖੜਾ ਹੈ । ਇਸ ਮੌਕੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਧਰਨਾਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਦੇ ਨਾਲ ਸੁਣਨ ਦੇ ਲਈ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਗੁਰਮੀਤ ਸਿੰਘ, ਹਰਪਾਲ ਸਿੰਘ, ਸੁਖਜਿੰਦਰ ਸਿੰਘ, ਸਵਰਨ ਸਿੰਘ ਬੋਬੀ,ਸਤਵੰਤ ਸਿੰਘ ਤੇ ਭਾਗ ਸਿੰਘ ਦੇ ਨਾਲ ਨਾਲ ਹੋਰ ਇਲਾਕੇ ਦੇ ਲੋਕ ਹਾਜ਼ਰ ਸਨ।