ਆਮ ਆਦਮੀ ਪਾਰਟੀ ਦੀ ਬਿਜਲੀ ਬਿੱਲ ਮਾਫ ਕਰਨ ਦੀ ਗਰੰਟੀ ਨਿਕਲੀ ਖੋਖਲੀ - ਚਰਨਜੀਤ ਚੰਨੀ
- ਗਰੀਬ ਲੋਕਾਂ ਦੇ ਆ ਰਹੇ ਹਜ਼ਾਰਾਂ ਰੁਪਏ ਦੇ ਬਿੱਲ,ਕੱਟੇ ਜਾ ਰਹੇ ਬਿਜਲੀ ਮੀਟਰ ਕੱਟੇ ਜਾ ਰਹੇ
- ਨਾਂ ਕਿਸਾਨਾਂ ਨੂੰ ਮਿਲ ਰਹੀ ਬਿਜਲੀ ਤੇ ਨਾਂ ਲਾਭਪਾਤਰੀਆਂ ਨੂੰ ਮਿਲ ਰਿਹਾ ਰਾਸ਼ਨ
ਜਲੰਧਰ-26 ਅਪ੍ਰੈਲ 2024 - ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮੋਜੂਦਾ ਪੰਜਾਬ ਸਰਕਾਰ ਦੀ ਹਰ ਗਰੰਟੀ ਜ਼ਮੀਨੀ ਪੱਧਰ ਤੇ ਖੋਖਲੀ ਸਾਬਤ ਹੋ ਰਹੀ ਹੈ ਤੇ ਇਹ ਗਰੰਟੀਆਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈਆਂ ਹਨ।ਇਹ ਗੱਲ ਚਰਨਜੀਤ ਸਿੰਘ ਚੰਨੀ ਨੇ ਨਕੋਦਰ ਹਲਕੇ ਦੇ ਪਿੰਡ ਕਾਂਗਣਾ ਵਿੱਚ ਉਦੋਂ ਕਹੀ ਜਦੋਂ ਪਿੰਡ ਦੇ ਲੋਕਾਂ ਨੇ ਉੱਨਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਦਿਖਾਏ।ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਜਦੋ ਉਹ ਨਕੋਦਰ ਹਲਕੇ ਵਿੱਚ ਚੋਣ ਮੁਹਿੰਮ ਦੋਰਾਨ ਨਿਕਲੇ ਜਿੱਥੇ ਕਿ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਗੁੱਸਾ ਦੇਖਣ ਨੂੰ ਮਿਲਿਆ ਉੱਥੇ ਹੀ ਆਮ ਆਦਮੀ ਪਾਰਟੀ ਦੀਆ ਗਰੰਟੀਆਂ ਦੀ ਵੀ ਪੋਲ ਖੁੱਲ ਕੇ ਸਾਹਮਣੇ ਆਈ।
ਉਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਇਕੱਠੀਆਂ ਹੋਈਆ ਲੋੜਵੰਦ ਪਰਿਵਾਰ ਦੀਆਂ ਮਹਿਲਾਵਾ ਨੇ ਦੱਸਿਆ ਕਿ ਸਰਕਾਰ ਉੱਨਾਂ ਨੂੰ ਹਜ਼ਾਰਾਂ ਰੁਪਏ ਦੇ ਬਿਜਲੀ ਦੇ ਬਿੱਲ ਭੇਜ ਰਹੀ ਹੈ ਜਿਸ ਕਾਰਨ ਉਹ ਆਰਥਿਕ ਤੇ ਮਾਨਸਿਕ ਪੱਖੋਂ ਪਰੇਸ਼ਾਨ ਚੱਲ ਰਹੇ ਹਨ।ਇੰਨਾਂ ਮਹਿਲਾਵਾਂ ਨੇ ਚੰਨੀ ਨੂੰ ਬਿਜਲੀ ਦੇ ਬਿੱਲ ਦਿਖਾਉਂਦਿਆਂ ਕਿਹਾ ਕਿ ਸਰਕਾਰ ਇਕ ਪਾਸੇ ਬਿਜਲੀ ਬਿੱਲ ਮਾਫ ਕਰਨ ਦੀਆਂ ਗੱਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਹਜ਼ਾਰਾਂ ਰੁਪਏ ਦੇ ਬਿੱਲ ਆ ਰਹੇ ਹਨ ਅਤੇ ਬਿੱਲਾਂ ਦੀ ਅਦਾਇਗੀ ਨਾ ਕਰਨ ਕਾਰਨ ਮੀਟਰ ਵੀ ਕੱਟ ਦਿੱਤੇ ਗਏ ਹਨ।ਜਿਸ ਕਾਰਨ ਉਹ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਇਸ ਗਰਮੀ ਵਿੱਚ ਪਰੇਸ਼ਾਨ ਹੋ ਰਹੇ ਹਨ।ਇਸ ਮੋਕੇ ਤੇ ਚਰਨਜੀਤ ਸਿੰਘ ਚੰਨੀ ਨੇ ਇੰਨਾਂ ਮਹਿਲਾਵਾਂ ਦੀਆਂ ਸਮੱਸਿਆ ਸੁਣੀਆਂ ਤੇ ਕਿਹਾ ਕਿ ਉੱਨਾਂ ਦੇ ਮੁੱਖ ਮੰਤਰੀ ਰਹਿੰਦਿਆਂ ਬਿਜਲੀ ਅਤੇ ਪਾਣੀ ਦੇ ਸਾਰੇ ਬਕਾਏ ਮਾਫ਼ ਕੀਤੇ ਗਏ ਸਨ ਪਰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਝੂਠ ਬੋਲਿਆ ਤੇ ਲੋਕਾਂ ਦੇ ਹਾਜਰਾ ਰੁਪਏ ਦੇ ਬਿਜਲੀ ਦੇ ਬਿੱਲ ਆ ਰਹੇ ਹਨ।
ਉਨਾਂ ਕਿਹਾ ਕਿ ਇਹ ਲੋਕ ਇੰਨਾਂ ਬਿੱਲਾਂ ਦੀ ਅਦਾਇਗੀ ਕਰਨ ਤੋਂ ਵੀ ਅਸਮਰੱਥ ਹਨ।ਉੱਨਾਂ ਕਿਹਾ ਕਿ ਇੰਨਾਂ ਲੋਕਾਂ ਅਨੁਸਾਰ ਕਈ ਘਰਾਂ ਵਿੱਚ ਕੇਵਲ ਇੱਕ ਬੱਲਵ ਯਾਂ ਇਕ ਪੱਖਾਂ ਹੀ ਚੱਲਦਾ ਹੈ ਪਰ ਬਿਜਲੀ ਦੇ ਬਿੱਲ ਹਜ਼ਾਰਾਂ ਰੁਪਏ ਦੇ ਆ ਰਹੇ ਹਨ।ਚੰਨੀ ਨੇ ਕਿਹਾ ਕਿ ਇਸ ਦੋਰਾਨ ਕਿਸਾਨਾਂ ਨੇ ਵੀ ਦੱਸਿਆ ਕਿ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ ਤੇ ਕੇਵਲ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ ਤੇ ਉਸਦਾ ਵੀ ਕੋਈ ਸਮਾਂ ਨਹੀ ਹੈ।ਜਿਸ ਕਾਰਨ ਫਸਲਾਂ ਦੀ ਬਿਜਾਈ ਕਰਨੀ ਵੀ ਮੁਸ਼ਕਿਲ ਹੋ ਰਹੀ ਹੈ ਜਦ ਕਿ ਘਰਾਂ ਵਿੱਚ ਲੰਮੇ ਲੰਮੇ ਕੱਟ ਲੱਗ ਰਹੇ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਦੇ ਕੀਤੇ ਤੇ ਹੁਣ ਵੀ ਝੂਠ ਦਾ ਹੀ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਦ ਕਿ ਜ਼ਮੀਨੀ ਪੱਧਰ ਤੇ ਲੋਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਝੂਠੇ ਮੁੱਖ ਮੰਤਰੀ ਤੋਂ ਦੁਖੀ ਹਨ।ਉੱਨਾਂ ਕਿਹਾ ਕਿ ਮੁੱਖ ਮੰਤਰੀ ਕੇਵਲ ਹਵਾਈ ਗੱਲਾਂ ਕਰ ਰਹੇ ਹਨ ਜਦ ਕਿ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਮੁਸ਼ਕਿਲਾ ਨੂੰ ਇਹ ਸਰਕਾਰ ਦਰਕਿਨਾਰ ਕਰ ਰਹੀ ਹੈ।ਇਸ ਦੋਰਾਨ ਲੋਕਾਂ ਨੇ ਰਾਸ਼ਨ ਕਾਰਡ ਨਾਂ ਬਣਨਾ ਤੇ ਲਾਭਪਾਤਰੀਆਂ ਨੂੰ ਰਾਸ਼ਨ ਨਾ ਮਿਲਣ ਦੀ ਗੱਲਾਂ ਵੀ ਮੁੱਖ ਮੰਤਰੀ ਨੂੰ ਦੱਸੀਆਂ ਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਇਨਾ ਲੋਕਾ ਨਾਲ ਖੜੇ ਹਨ ਤੇ ਉੱਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਲੋਕਾਂ ਦੀ ਪ੍ਰੇਸ਼ਾਨੀ ਦੂਰ ਨਾ ਹੋਈ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਬਾਕਸ-
ਚੰਨੀ ਨੇ ਜਿੱਤੀ ਸੀਪ ਦੀ ਬਾਜ਼ੀ ਤੇ ਦਰਖ਼ਤ ਦੀ ਛਾਂ ਹੇਠ ਖਾਧੀ ਰੋਟੀ-
ਸਾਬਕਾ ਮੁੱਖ ਮੰਤਰੀ ਚੋਣ ਮਹਿੰਮ ਦੌਰਾਨ ਵਿੱਚ ਪਿੰਡ ਬਿੱਲੀ ਚਹਾਰਮੀ ਵਿੱਚ ਹਲਕੇ ਦੇ ਲੋਕਾਂ ਨਾਲ ਤਾਸ਼ ਖੇਡਦੇ ਹੋਏ ਨਜ਼ਰ ਆਏ।ਚੰਨੀ ਨੇ ਤਾਸ਼ ਖੇਡ ਰਹੇ ਪਿੰਡ ਦੇ ਵਿਅਕਤੀਆਂ ਨਾਲ ਸੀਪ ਦੀ ਬਾਜ਼ੀ ਲਗਾਈ ਤੇ ਇਹ ਬਾਜ਼ੀ ਜਿੱਤੀ। ਇਸ ਦੌਰਾਨ ਚੰਨੀ ਨੇ ਇੰਨਾਂ ਲੋਕਾਂ ਨਾਲ ਬੈਠ ਕੇ ਦਰਖਤ ਦੀ ਛਾਂ ਹੇਠ ਰੋਟੀ ਖਾਂਦੀ ਤੇ ਲੋਕਾਂ ਨਾਲ ਗੱਲਾਬਾਤਾਂ ਕੀਤੀਆ ਜਦ ਕਿ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਾ ਕਿ ਸ. ਚੰਨੀ ਸਾਬ ਨੇ ਉਨ੍ਹਾਂ ਨਾਲ ਬੈਠ ਕੇ ਤਾਸ਼ ਖੇਡੀ ਤੇ ਉਹ ਇੱਕ ਸਧਾਰਨ ਵਿਅਕਤੀ ਵਾਂਗ ਵਿਚਰੇ ਹਨ ਤੇ ਅਜਿਹੀ ਕਵਾਲਿਟੀ ਹੋਰ ਲੀਡਰਾਂ ਵਿੱਚ ਦੇਖਣ ਨੂੰ ਨਹੀਂ ਮਿਲਦੀ।