ਇੱਕੋ ਸਮੇਂ 6 ਬੱਚਿਆਂ ਦਾ ਜੱਜ ਬਣਨਾ ਫ਼ਰੀਦਕੋਟ ਲਈ ਵੱਡੇ ਮਾਣ ਵਾਲੀ ਗੱਲ - ਕਰਮਜੀਤ ਅਨਮੋਲ
- ਫ਼ਰੀਦਕੋਟ ਬਾਰ ਕੌਂਸਲ ਨੇ ਕਰਮਜੀਤ ਅਨਮੋਲ ਦਾ ਕੀਤਾ ਭਰਵਾਂ ਸਵਾਗਤ,
- ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਨਾਲ ਅਨਮੋਲ ਵੱਲੋਂ ਬਾਰ ਕੌਂਸਲ ਦਾ ਦੌਰਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 20 ਮਈ 2024 - ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਹਾਲ ਹੀ ਦੌਰਾਨ ਹੋਈ ਭਰਤੀ ਵਿੱਚ ਫ਼ਰੀਦਕੋਟ ਨਾਲ ਸਬੰਧਿਤ 6 ਹੋਣਹਾਰ ਬੱਚਿਆਂ ਦਾ ਇੱਕੋ ਬੈਚ ਵਿੱਚ ਹੈਲੋ ਹਾਂਜੀ ਜੱਜ ਬਣਨਾ ਫਰੀਦਕੋਟੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ। ਅਜਿਹੀ ਸਫਲਤਾ ਹੋਰ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣਦੀ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵਧਾਈ ਦੇ ਪਾਤਰ ਹਨ।
ਕਰਮਜੀਤ ਅਨਮੋਲ ਸੋਮਵਾਰ ਨੂੰ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ ਚੇਅਰਮੈਨ ਅਤੇ ਹੋਰ ਪਾਰਟੀ ਆਗੂਆਂ ਨਾਲ ਫ਼ਰੀਦਕੋਟ ਬਾਰ ਕੌਂਸਲ ਵਿਚ ਵਕੀਲਾਂ ਦੇ ਰੂਬਰੂ ਹੋਏ ਸਨ। ਇਸ ਮੌਕੇ ਬਾਰ ਕੌਂਸਲ ਦੇ ਪ੍ਰਧਾਨ ਗੁਰਲਾਲ ਸਿੰਘ ਔਲਖ ਸਮੇਤ ਸਮੁੱਚੀ ਬਾਰ ਕੌਂਸਲ ਨੇ ਕਰਮਜੀਤ ਸਿੰਘ ਅਨਮੋਲ ਦਾ ਭਰਵਾਂ ਸਵਾਗਤ ਕੀਤਾ।
ਵਕੀਲ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਜੱਜਾਂ ਦੀ ਭਰਤੀ ਵਿਚ ਫ਼ਰੀਦਕੋਟ ਦੇ ਜਿਹੜੇ 6 ਹੋਣਹਾਰ ਬੱਚੇ ਜੱਜ ਬਣੇ ਹਨ। ਉਨ੍ਹਾਂ ਵਿੱਚੋਂ 4 ਲੜਕੀਆਂ ਗ਼ਰੀਬ ਘਰਾਂ ਨਾਲ ਸਬੰਧਿਤ ਹਨ। ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਹੋਣਹਾਰ ਅਤੇ ਕਾਬਿਲ ਬੱਚਿਆਂ ਦੀ ਮੈਰਿਟ ਦੇ ਅਧਾਰ ਤੇ ਨਿਯੁਕਤੀ ਹੋਈ ਹੈ।
ਕਰਮਜੀਤ ਅਨਮੋਲ ਨੇ ਕਿਹਾ ਕਿ ਇਹਨਾਂ ਤੋਂ ਇਲਾਵਾ ਮਾਨ ਸਰਕਾਰ ਦੇ ਪਹਿਲੇ 2 ਸਾਲਾਂ ਦੌਰਾਨ 43 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਵਿੱਚ ਨਾ ਕੋਈ ਸਿਫ਼ਾਰਸ਼ ਅਤੇ ਨਾ ਹੀ ਰਿਸ਼ਵਤ ਚੱਲੀ ਹੈ, ਜਿਹੜੇ ਬੱਚੇ ਹੁਸ਼ਿਆਰ ਅਤੇ ਹੋਣਹਾਰ ਸਨ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਮੈਰਿਟ ਦੇ ਦਮ ਉੱਤੇ ਇਹ ਨੌਕਰੀਆਂ ਹਾਸਲ ਕੀਤੀਆਂ ਹਨ।
ਕਰਮਜੀਤ ਅਨਮੋਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਆਮ ਘਰਾਂ ਦੇ ਮਿਹਨਤੀ ਅਤੇ ਹੁਸ਼ਿਆਰ ਬੱਚੇ ਹੋਰ ਵੱਧ ਗਿਣਤੀ ਵਿੱਚ ਜੱਜ, ਪੀਸੀਐਸ ਅਤੇ ਆਈਐਸ ਅਫ਼ਸਰ, ਆਈਪੀਐਸ ਅਫ਼ਸਰ ਬਣਨਗੇ, ਕਿਉਂਕਿ ਮਾਨ ਸਰਕਾਰ ਪੰਜਾਬ ਭਰ ਵਿੱਚ ਕਾਬਿਲ ਬੱਚਿਆਂ ਨੂੰ ਵੱਡੇ ਅਫ਼ਸਰ ਬਣਾਉਣ ਲਈ ਪੂਰੀ ਤਰ੍ਹਾਂ ਮੁਫ਼ਤ ਯੂਪੀਐਸਸੀ ਕੋਚਿੰਗ ਸੈਂਟਰ ਖੋਲ੍ਹ ਰਹੀ ਹੈ। ਮੋਗਾ ਵਿਚ ਅਜਿਹਾ ਸੈਂਟਰ ਪੂਰੀ ਸਫਲਤਾ ਨਾਲ ਚੱਲ ਰਿਹਾ ਹੈ। ਅਨਮੋਲ ਨੇ ਵਾਅਦਾ ਕੀਤਾ ਕਿ ਮੈਂਬਰ ਪਾਰਲੀਮੈਂਟ ਬਣਨ ਦੀ ਸੂਰਤ ਵਿੱਚ ਉਹ ਫ਼ਰੀਦਕੋਟ ਵਿੱਚ ਵੀ ਮੁਫ਼ਤ ਯੂਪੀਐਸਸੀ ਕੋਚਿੰਗ ਸੈਂਟਰ ਅਤੇ ਇੰਟਰਨੈਸ਼ਨਲ ਸਟੈਂਡਰਡ ਦੀ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਲੈ ਕੇ ਆਉਣਗੇ। ਕਰਮਜੀਤ ਅਨਮੋਲ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਦੇ ਖੇਤਰ ਤੇ ਸਭ ਤੋਂ ਵੱਧ ਧਿਆਨ ਦੇ ਰਹੇ ਹਨ, ਕਿਉਂਕਿ ਉਹਨਾਂ ਦਾ ਮੰਨਣਾ ਹੈ ਮਿਆਰੀ ਸਿੱਖਿਆ ਅਤੇ ਹੱਥਾਂ ਦੀ ਕਾਬਲੀਅਤ ਹੀ ਗਰੀਬੀ ਮਿਟਾ ਸਕਦੀ ਹੈ।
ਇਸ ਦੌਰਾਨ ਬਾਰ ਕੌਂਸਲ ਫ਼ਰੀਦਕੋਟ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਹੋਈ। ਜਿਸ ਤਹਿਤ ਕਰਮਜੀਤ ਅਨਮੋਲ ਨੇ ਜ਼ਰੂਰਤ ਮੁਤਾਬਿਕ ਨਵੇਂ ਚੈਂਬਰ, ਕੱਚੀ ਪਾਰਕਿੰਗ ਨੂੰ ਪੱਕਾ ਕਰਨਾ, ਪੀਣ ਵਾਲੇ ਪਾਣੀ ਦੀ ਕਮੀ ਨੂੰ ਦੂਰ ਕਰਨਾ ਅਤੇ ਆਮ ਲੋਕਾਂ ਲਈ ਜਨਤਕ ਸ਼ੈੱਡ ਬਣਾਉਣ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਬਾਰ ਕੌਂਸਲ ਦੇ ਪ੍ਰਧਾਨ ਗੁਰਲਾਲ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਬਾਰ ਕੌਂਸਲ ਦੇ ਜਨਰਲ ਸਕੱਤਰ ਐਡਵੋਕੇਟ ਜਤਿੰਦਰ ਬਾਂਸਲ, ਮੀਤ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਕੰਗ, ਸੰਯੁਕਤ ਸਕੱਤਰ ਐਡਵੋਕੇਟ ਜਸਕਰਨ ਸਿੰਘ, ਖ਼ਜ਼ਾਨਚੀ ਕਰਨਵੀਰ ਸਿੰਘ,ਤੋਂ ਇਲਾਵਾ ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ , ਐਡਵੋਕੇਟ ਵੀਰ ਇੰਦਰ ਸਿੰਘ, ਐਡਵੋਕੇਟ ਮੰਗਲ ਅਰੋੜਾ ਅਤੇ ਐਡਵੋਕੇਟ ਗੁਰਪਾਲ ਸਿੰਘ ਸੰਧੂ ਵੀ ਮੌਜੂਦ ਸਨ।