ਉਮੀਦਵਾਰਾਂ ਦੇ ਖਰਚੇ 'ਤੇ ਕਰੜੀ ਨਜ਼ਰ ਰੱਖੀ ਜਾਵੇ, ਖਰਚਾ ਨਿਗਰਾਨ ਪਟਿਆਲਾ ਵੱਲੋਂ ਡੇਰਾਬੱਸੀ ਦੀਆਂ ਟੀਮਾਂ ਨੂੰ ਹਦਾਇਤ
ਹਰਜਿੰਦਰ ਸਿੰਘ ਭੱਟੀ
- ਸ਼ਰਾਬ ਜਾਂ ਹੋਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਅੰਤਰਰਾਜੀ ਸਰਹੱਦਾਂ 'ਤੇ ਚੌਕਸੀ ਵਧਾਉਣ 'ਤੇ ਜ਼ੋਰ
- ਚੋਣ ਖਰਚਾ ਨਿਗਰਾਨ ਵੱਲੋਂ ਵੱਖ-ਵੱਖ ਖਰਚਾ ਨਿਗਰਾਨ ਟੀਮਾਂ ਦੁਆਰਾ ਰੱਖੇ ਜਾ ਰਹੇ ਰਿਕਾਰਡ ਜਾਂਚ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ
- ਸ਼ਿਕਾਇਤ ਨਿਗਰਾਨੀ ਅਤੇ ਮੀਡੀਆ ਨਿਗਰਾਨੀ ਸੈੱਲਾਂ ਦਾ ਦੌਰਾ
ਐਸ.ਏ.ਐਸ.ਨਗਰ, 16 ਮਈ 2024 - ਪਟਿਆਲਾ ਸੰਸਦੀ ਹਲਕੇ ਲਈ ਖਰਚਾ ਨਿਗਰਾਨ ਸ੍ਰੀਮਤੀ ਮੀਤੂ ਅਗਰਵਾਲ (ਆਈ ਆਰ ਐਸ) ਨੇ ਵੀਰਵਾਰ ਨੂੰ ਡੇਰਾਬੱਸੀ ਨਾਲ ਸਬੰਧਤ ਸਾਰੇ ਉਡਣ ਦਸਤਿਆਂ, ਸਟੈਟਿਕ ਸਰਵੇਲੈਂਸ, ਵੀਡੀਓ ਸਰਵੇਲੈਂਸ, ਲੇਖਾ ਟੀਮਾਂ ਅਤੇ ਸਹਾਇਕ ਖਰਚਾ ਨਿਗਰਾਨਾਂ ਨੂੰ ਚੋਣ ਪ੍ਰਚਾਰ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਲਈ ਕੀਤੇ ਜਾਣ ਵਾਲੇ ਖਰਚੇ 'ਤੇ ਤਿੱਖੀ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅੰਤਰਰਾਜੀ ਸੀਮਾਵਾਂ 'ਤੇ ਚੌਕਸੀ ਵਧਾਉਣ 'ਤੇ ਜ਼ੋਰ ਦਿੰਦਿਆਂ, ਉਨ੍ਹਾਂ ਕਿਹਾ ਕਿ ਸ਼ਰਾਬ ਜਾਂ ਹੋਰ ਸਮਾਨ ਦੀ ਤਸਕਰੀ ਜੋ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾ ਸਕਦੀ ਹੈ, ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਮੀਟਿੰਗ ਹਾਲ ਵਿੱਚ ਟੀਮਾਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖਰਚਾ ਅਬਜ਼ਰਵਰ ਨੇ ਟੀਮਾਂ ਨੂੰ ਉਮੀਦਵਾਰਾਂ ਵੱਲੋਂ ਕੀਤੇ ਖਰਚੇ ਦੀ ਰੋਜ਼ਾਨਾ ਆਧਾਰ 'ਤੇ ਰਿਪੋਰਟ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੁਆਰਾ ਕੀਤੇ ਗਏ ਖਰਚੇ 'ਤੇ ਸਖ਼ਤ ਨਜ਼ਰ ਰੱਖਣ ਲਈ, ਐਫ.ਐਸ.ਟੀਜ਼, ਐਸ.ਐਸ.ਟੀਜ਼, ਵੀ.ਐਸ.ਟੀਜ਼, ਵੀ.ਵੀ.ਟੀਜ਼, ਏ.ਈ.ਓਜ਼ ਅਤੇ ਐਮ.ਸੀ.ਐਮ.ਸੀ. ਟੀਮਾਂ ਦੀ ਭੂਮਿਕਾ ਚੋਣ ਮੁਹਿੰਮ 'ਤੇ ਖਰਚ ਕੀਤੇ ਗਏ ਹਰੇਕ ਪੈਸੇ ਨੂੰ ਬੁੱਕ ਕਰਨ ਲਈ ਮਹੱਤਵਪੂਰਨ ਹੈ। ਉਨ੍ਹਾਂ ਫਲਾਇੰਗ ਸਕੁਐਡਜ਼, ਸਟੈਟਿਕ ਸਰਵੇਲੈਂਸ ਟੀਮਾਂ ਅਤੇ ਹੋਰਾਂ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।
ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਜਿਨ੍ਹਾਂ ਨੂੰ ਖਰਚਿਆਂ ਨੂੰ ਰੋਕਣ ਲਈ ਨਿਯੁਕਤ ਕੀਤਾ ਗਿਆ ਹੈ, ਵਿਚਕਾਰ ਬਿਹਤਰ ਤਾਲਮੇਲ 'ਤੇ ਜ਼ੋਰ ਦਿੱਤਾ।
ਇਸ ਤੋਂ ਇਲਾਵਾ, ਜੋ ਉਮੀਦਵਾਰ ਚੋਣ ਮੈਦਾਨ ਵਿਚ ਹਨ, ਉਨ੍ਹਾਂ ਦੇ ਸ਼ੈਡੋ ਰਜਿਸਟਰਾਂ ਦੀ ਤੁਲਨਾ ਉਨ੍ਹਾਂ ਦੁਆਰਾ ਰੱਖੇ ਗਏ ਰਜਿਸਟਰਾਂ ਨਾਲ ਕੀਤੀ ਜਾਵੇਗੀ। ਚੈਕਿੰਗ ਯਕੀਨੀ ਬਣਾਉਣ ਲਈ ਨਿਯਮਤ ਅੰਤਰਾਲਾਂ 'ਤੇ ਮਿਲਾਣ ਕੀਤਾ ਜਾਵੇਗਾ ਤਾਂ ਜੋ ਖਰਚਾ 95 ਲੱਖ ਦੀ ਸੀਮਾ ਤੋਂ ਵੱਧ ਨਾ ਸਕੇ।
ਖਰਚੇ ਲਈ ਨੋਡਲ ਦਫਤਰ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਡੇਰਾਬੱਸੀ ਟੀਮਾਂ ਦੀ ਪ੍ਰਗਤੀ ਬਾਰੇ ਖਰਚਾ ਨਿਗਰਾਨ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਖਰਚਿਆਂ ਨੂੰ ਉਮੀਦਵਾਰਾਂ ਦੇ ਸ਼ੈਡੋ ਰਜਿਸਟਰਾਂ ਵਿੱਚ ਬਕਾਇਦਾ ਦਰਜ ਕੀਤਾ ਜਾ ਰਿਹਾ ਹੈ।
ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਡੇਰਾਬੱਸੀ, ਹਿਮਾਂਸ਼ੂ ਗੁਪਤਾ ਨੇ ਖਰਚਾ ਨਿਗਰਾਨ ਨੂੰ ਵੱਖ-ਵੱਖ ਟੀਮਾਂ ਵੱਲੋਂ ਕੀਤੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐਫਐਸਟੀ ਅਤੇ ਐਸਐਸਟੀ ਟੀਮਾਂ ਵੱਲੋਂ ਕੁੱਲ 70.50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਸੀਵਿਜਿਲ 'ਤੇ ਪ੍ਰਾਪਤ ਹੋਈਆਂ 22 ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਤੇ ਕੀਤਾ ਗਿਆ।
ਚੋਣ ਖ਼ਰਚਾ ਨਿਗਰਾਨ ਨੇ ਸੀ ਵਿਜੀਲ ਅਤੇ ਟੋਲ ਫਰੀ ਨੰਬਰ 1950 ਤੇ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਸ਼ਿਕਾਇਤ ਨਿਗਰਾਨ ਸੈੱਲ ਦਾ ਦੌਰਾ ਕੀਤਾ। ਉਨ੍ਹਾਂ ਮੀਡੀਆ ਨਿਗਰਾਨ ਸੈੱਲ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਪੇਡ ਨਿਊਜ਼ ਅਤੇ ਇਸ਼ਤਿਹਾਰਾਂ ਦੀ ਜਾਂਚ ਕਰਨ ਲਈ ਵਧੇਰੇ ਚੌਕਸ ਰਹਿਣ ਲਈ ਕਿਹਾ।