ਐਨ ਕੇ ਸ਼ਰਮਾ ਨੇ ਪਟਿਆਲਾ ਹਲਕੇ ਦੇ ਮਸਲਿਆਂ ਦੇ ਹੱਲ ਤੇ ਯੋਜਨਾਵਾਂ ਬਾਰੇ ਜਾਰੀ ਕੀਤਾ ’ਵਿਜ਼ਨ ਦਸਤਾਵੇਜ਼’
- ਐਨ ਕੇ ਸ਼ਰਮਾ ਨੇ ਅਮਰਿੰਦਰ ਬਜਾਜ ਤੇ ਜਸਪਾਲ ਬਿੱਟੂ ਚੱਠਾ ਨਾਲ ਮਿਲ ਕੇ ਪਟਿਆਲਾ ਹਲਕੇ ਦੇ ਮਸਲਿਆਂ ਦੇ ਹੱਲ ਤੇ ਯੋਜਨਾਵਾਂ ਬਾਰੇ ਜਾਰੀ ਕੀਤਾ ’ਵਿਜ਼ਨ ਦਸਤਾਵੇਜ਼’
- ’ਘੱਗਰ ਸਮੇਤ ਹਰ ਮਸਲਾ ਹੱਲ ਕਰਨ ਦਾ ਹੈ ਪੱਕਾ ਇਰਾਦਾ’ ਦਾ ਦਿੱਤਾ ਨਾਅਰਾ
- ਕਿਹਾ ਮਸਲੇ ਹੱਲ ਨਾ ਕਰ ਸਕਿਆ ਤਾਂ ਅਗਲੀ ਵਾਰ ਵੋਟਾਂ ਮੰਗਣ ਨਹੀਂ ਆਵਾਂਗਾ
- ਪ੍ਰਨੀਤ ਕੌਰ, ਡਾ. ਬਲਬੀਰ ਸਿੰਘ ਤੇ ਡਾ. ਗਾਂਧੀ ਨੂੰ ਫਿਰ ਦਿੱਤਾ 5-5 ਸਾਲਾਂ ਦੇ ਜਵਾਬ ਵਾਸਤੇ 48 ਘੰਟੇ ਦਾ ਸਮਾਂ
ਜਗਤਾਰ ਸਿੰਘ
ਪਟਿਆਲਾ, 28 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਪਟਿਆਲਾ ਹਲਕੇ ਵਿਚ ਘੱਗਰ ਸਮੇਤ ਹੋਰ ਮਸਲਿਆਂ ਦੇ ਹੱਲ ਅਤੇ ਹਲਕੇ ਦੇ ਸਰਵ ਪੱਖੀ ਵਿਕਾਸ ਵਾਸਤੇ ਆਪਣੀ ਸੋਚ ਨੂੰ ਜ਼ਾਹਰ ਕਰਦਿਆਂ ’ਵਿਜ਼ਨ ਦਸਤਾਵੇਜ਼’ ਜਾਰੀ ਕੀਤਾ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਸ਼ਹਿਰੀ ਪ੍ਰਧਾਨ ਅਮਰਿੰਦਰ ਬਜਾਜ ਤੇ ਦਿਹਾਤੀ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਲ ਰਲ ਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ 40 ਦਿਨਾਂ ਤੋਂ ਹਲਕੇ ਦਾ ਦੌਰਾ ਕਰ ਰਹੇਹਨ ਜਿਸ ਦੌਰਾਨ ਉਹਨਾਂ ਨੇ ਘੱਗਰ ਸਮੇਤ ਹਰ ਹਲਕੇ ਦੀਆਂ ਸਮੱਸਿਆਵਾਂ ਦੀ ਸ਼ਨਾਖ਼ਤ ਕੀਤੀ ਹੈ। ਉਹਨਾਂ ਕਿਹਾ ਕਿ ਵਿਜ਼ਨ ਦਸਤਾਵੇਜ਼ ਵਿਚ ਇਹਨਾਂ ਸਾਰੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਉਹ ਇਸ ਦਸਤਾਵੇਜ਼ ਵਿਚ ਅੰਕਿਤ ਮੁਸ਼ਕਿਲਾਂ ਨੂੰ ਹੱਲ ਕਰਨ ਵਿਚ ਨਾਕਾਮ ਰਹੇ ਤਾਂ ਉਹ ਅਗਲੀ ਵਾਰ ਵੋਟਾਂ ਮੰਗਣ ਲੋਕਾਂ ਕੋਲ ਨਹੀਂ ਆਉਣਗੇ। ਉਹਨਾਂ ਕਿਹਾ ਕਿ ਉਹ ਬੇਸ਼ਰਮ ਉਮੀਦਵਾਰਾਂ ਵਾਂਗੂ ਨਹੀਂ ਹਨ ਜੋ ਵਾਰ-ਵਾਰ ਪਾਰਟੀਆਂ ਬਦਲਣ ਤੇ ਵੋਟਾਂ ਮੰਗਣ। ਉਹਨਾਂ ਕਿਹਾ ਕਿ ਉਹ 32 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਹਨ।
ਐਨ ਕੇ ਸ਼ਰਮਾ ਨੇ ਕਿਹਾ ਕਿ ਘੱਗਰ ਮਸਲੇ ਦੇ ਹੱਲ ਲਈ ਨਾਲ ਲੱਗਦੀਆਂ ਜ਼ਮੀਨਾਂ ਮਾਰਕੀਟ ਰੇਟ ’ਤੇ ਖਰੀਦ ਕੇ ਦਰਿਆ ਨੂੰ ਚੌੜਾ ਤੇ ਡੂੰਘਾ ਕਰ ਕੇ ਪੱਕੇ ਬੰਨ ਬਣਵਾਏ ਜਾਣਗੇ ਤੇ ਚੈਕ ਡੈਮ ਬਣਾਏ ਜਾਣਗੇ। ਉਹਨਾਂ ਕਿਹਾ ਕਿ ਉਹ ਪਿਛਲੇ 50 ਸਾਲਾਂ ਦੌਰਾਨ ਘੱਗਰ ਵਿਚ ਆਏ ਸਭ ਤੋਂ ਵੱਧ ਪਾਣੀ ਨੂੰ ਆਧਾਰ ਬਣਾ ਕੇ ਯੋਜਨਾ ਉਲੀਕ ਕੇ ਮਸਲੇ ਹੱਲ ਕਰਨਗੇ।
ਉਹਨਾਂ ਉੱਤਰੀ ਬਾਈਪਾਸ ਲਈ 24 ਪਿੰਡਾਂ ਦੇ 300 ਕਿਸਾਨਾਂ ਦੀਆਂ ਜ਼ਮੀਨ ਐਕਵਾਇਰ ਕਰਨ ਬਾਰੇ ਕਿਹਾ ਕਿ ਉਹ ਇਹਨਾਂ ਕਿਸਾਨਾਂ ਨੂੰ ਮਾਰਕੀਟ ਰੇਟ ’ਤੇ ਮੁਆਵਜ਼ਾ ਦੁਆਉਣਗੇ ਤੇ ਉੱਤਰੀ ਬਾਈਪਾਸ ਸਮੇਤ ਹਲਕੇ ਵਿਚ ਬਣ ਰਹੇ ਸਾਰੇ ਐਕਸਪ੍ਰੈਸਵੇਅ ਦੇ ਦੋਵੇਂ ਪਾਸੇ ਸਰਵਿਸ ਲੇਨ ਲੱਗਣੀਆਂ ਯਕੀਨੀ ਬਣਾਉਣਗੇ।
ਮੁਲਾਜ਼ਮ ਮੰਗਾਂ ਦੀ ਗੱਲ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਦੇਣ, ਪਿਛਲੇ ਬਕਾਏ ਜਾਰੀ ਕਰਨ, ਕਾਂਗਰਸ ਤੇ ਆਪ ਵੱਲੋਂ ਕੀਤੀਆਂ ਤਰੁੱਟੀਆਂ ਦੂਰ ਕਰਨ, ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਵਚਨਬੱਧ ਹੈ। ਉਹਨਾਂਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ, ਇਸ ਲਈ ਸਾਰੀਆਂ ਮੁਲਾਜ਼ਮ ਮੰਗਾਂ ਨੂੰ ਅਸੀਂ ਹੱਲ ਕਰਾਂਗੇ।
ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਪ੍ਰਨੀਤ ਕੌਰ, ਡਾ. ਬਲਬੀਰ ਸਿੰਘ ਤੇ ਡਾ. ਧਰਮਵੀਰ ਗਾਂਧੀ ਨੂੰ 5-5 ਸਵਾਲ ਪੁੱਛ ਕੇ ਜਵਾਬ ਦੇਣ ਲਈ 48 ਘੰਟੇ ਦਾ ਸਮਾਂ ਦਿੱਤਾ ਸੀ ਪਰ ਉਹਨਾਂ ਫਿਰ ਵੀ ਜਵਾਬ ਨਹੀਂ ਦਿੱਤੇ। ਉਹਨਾਂ ਕਿਹਾ ਕਿ ਉਹ ਅੱਜ ਫਿਰ 48 ਘੰਟੇ ਦਾ ਸਮਾਂ ਦੇ ਰਹੇ ਹਨ ਅਤੇ ਜੇਕਰ ਹੁਣ ਵੀ ਉਹਨਾਂ ਜਵਾਬ ਨਾ ਦਿੱਤਾ ਤਾਂ 48 ਘੰਟਿਆਂ ਬਾਅਦ ਉਹ ਅੰਕੜਿਆਂ ਸਮੇਤ ਇਹਨਾਂ ਦੀ ਕਾਰਗੁਜ਼ਾਰੀ ਦਾ ਚਿੱਠਾ ਜਨਤਕ ਕਰਨਗੇ।