ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ: ਜ਼ਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਭਰੀ ਹਾਜ਼ਰੀ
- ਮੈਂ ਆਮ ਸਾਧਾਰਣ ਬੰਦਾ ਜਿਸਦਾ ਮੁਕਾਬਲਾ ਮਹਿਲਾ ਵਾਲੇ ਰਜਵੜਿਆਂ ਤੇ ਸਰਕਾਰਾਂ ਦੇ ਉਮੀਦਵਾਰਾਂ ਨਾਲ: ਐਨ ਕੇ ਸ਼ਰਮਾ
- ਵਿਰੋਧੀਆਂ ’ਤੇ ਕੀਤੇ ਤਿੱਖੇ ਹਮਲੇ
- ਪੰਜਾਬ ’ਚ ਅੱਜ ਅਕਾਲੀ ਦਲ ਦੇ ਪੱਖ ਵਿਚ ਵਿਸ਼ਾਲ ਲਹਿਰ: ਸੁਰਜੀਤ ਸਿੰਘ ਰੱਖੜਾ
ਪਟਿਆਲਾ, 10 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਨੇ ਅੱਜ ਪਟਿਆਲਾ ਵਿਚ ਨਾਭਾ ਰੋਡ ’ਤੇ ਮੁੱਖ ਚੋਣ ਦਫਤਰ ਦੇ ਸਾਹਮਣੇ ਵਿਸ਼ਾਲ ਰੈਲੀ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਜ਼ਿਲ੍ਹੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।
ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਮੈਂ ਆਮ ਸਾਧਾਰਣ ਬੰਦਾ ਹਾਂ ਜਿਸਦਾ ਮੁਕਾਬਲਾ ਮਹਿਲਾ ਵਾਲੇ ਰਜਵੜਿਆਂ ਤੇ ਸਰਕਾਰਾਂ ਦੇ ਉਮੀਦਵਾਰਾਂ ਨਾਲ ਹੈ। ਵਿਰੋਧੀਆਂ ’ਤੇ ਤਿੱਖੇ ਹਮਲੇ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਮਹਾਰਾਣੀ ਪ੍ਰਨੀਤ ਕੌਰ ਹਨ ਜੋ ਚਾਰ ਵਾਰ ਕਾਂਗਰਸ ਦੀ ਟਿਕਟ ’ਤੇ ਐਮ ਪੀ ਚੁਣੇ ਗਏ ਪਰ ਹੁਣ ਭਾਜਪਾ ਲਈ ਵੋਟਾਂ ਮੰਗ ਰਹੇ ਹਨ। ਇਸੇ ਤਰੀਕੇ ਧਰਮਵੀਰ ਗਾਂਧੀ ਹਨ ਜੋ ਪਹਿਲਾਂ ਕਾਂਗਰਸ ਨੂੰ ਨਫਰਤ ਕਰਦੇ ਸਨ ਪਰ ਹੁਣ ਕਾਂਗਰਸ ਵਿਚ ਸ਼ਾਮਲ ਹੋ ਕੇ ਕਾਂਗਰਸੀਆਂ ਦੇ ਵੋਟ ਬੈਂਕ ’ਤੇ ਨਿਰਭਰ ਹਨ। ਉਹਨਾਂ ਕਿਹਾਕਿ ਦੋਵਾਂ ਦੀ ਬਤੌਰ ਐਮ ਪੀ ਕਾਰਗੁਜ਼ਾਰੀ ਜ਼ੀਰੋ ਹੈ।
ਮਹਾਰਾਣੀ ਪ੍ਰਨੀਤ ਕੌਰ ਤਾਂ ਕੇਂਦਰੀ ਵਜ਼ੀਰ ਵੀ ਰਹਿ ਚੁੱਕੇ ਹਨ ਪਰ ਉਹਨਾਂ ਪਟਿਆਲਾ ਵਾਸਤੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਡਾ. ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਹਨ ਜਿਹਨਾਂ ਦੇ ਰਾਜਪਾਲ ਵਿਚ ਕਿਸੇ ਵੀ ਹਸਪਤਾਲ ਵਿਚ ਇਕ ਇੱਟ ਤੱਕ ਨਹੀਂ ਲੱਗੀ ਤੇ ਸਰਕਾਰੀ ਹਸਪਤਾਲਾਂ ਵਿਚ ਲੋਕ ਡਾਕਟਰੀ ਸਹੂਲਤਾਂ ਤੇ ਦਵਾਈਆਂ ਨੂੰ ਤਰਸ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੇ ਨਾਂ ’ਤੇ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਜਦੋਂ ਕਿ ਹਸਪਤਾਲਾਂ ਵਿਚ ਦਵਾਈਆਂ ਤਾਂ ਛੱਡੋ ਸਰਿੰਜਾ ਤੇ ਟੀਕੇ ਵੀ ਉਪਲਬਧ ਨਹੀਂ ਹਨ। ਉਹਨਾਂ ਕਿਹਾਕਿ ਦੋ ਸਾਲਾਂ ਵਿਚ ਹੀ ਆਪ ਸਰਕਾਰ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਉਹ ਇਸ ਸਰਕਾਰ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਿਛਲੇ 7 ਸਾਲਾਂ ਤੋਂ ਧੋਖੇ ਦਾ ਸ਼ਿਕਾਰ ਹੋਏ ਪੰਜਾਬੀਆਂ ਨੇ ਹੁਣ ਮਹਿਸੂਸ ਕਰ ਲਿਆ ਹੈ ਕਿ ਜੇਕਰ ਉਹਨਾਂ ਲਈ ਕੋਈ ਕੰਮ ਕਰ ਸਕਦਾ ਹੈ ਤਾਂ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਹੀ ਹੈ ਜਿਸਨੇ ਹੁਣ ਤੱਕ ਪੰਜਾਬ ਦਾ ਸਰਵ ਪੱਖੀ ਵਿਕਾਸ ਕਰਵਾਇਆ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਅਕਾਲੀ ਦਲ ਦੇ ਪੱਖ ਵਿਚ ਲਹਿਰ ਹੈ ਤੇ ਪਾਰਟੀ ਨੂੰ ਇਹਨਾਂ ਪਾਰਲੀਮਾਨੀ ਚੋਣਾਂ ਵਿਚ ਲਾਮਿਸਾਲ ਜਿੱਤ ਮਿਲੇਗੀ।
ਇਸ ਮੌਕੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਬੀਬੀ ਵਨਿੰਦਰ ਕੌਰ ਲੂੰਬਾ, ਜ਼ਿਲ੍ਹਾ ਪ੍ਰਧਾਨ ਦਿਹਾਤੀ ਜਰਨੈਲ ਸਿੰਘ ਕਰਤਾਰਪੁਰ, ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ, ਸਤਵਿੰਦਰ ਸਿੰਘ ਟੌਹੜਾ ਤੇ ਪਰਮਜੀਤ ਕੌਰ ਲਾਂਡਰਾ, ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਪਟਿਆਲਾ ਸ਼ਹਿਰੀ ਦੇ ਇੰਚਾਰਜ ਅਮਰਿੰਦਰ ਸਿੰਘ ਬਜਾਜ, ਸ਼ੁਤਰਾਣਾ ਦੇ ਇੰਚਾਰਜ ਕਬੀਰ ਦਾਸ, ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ, ਰਾਜਪੁਰਾ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਜਸਵਿੰਦਰ ਸਿੰਘ ਜੱਸੀ ਸਾਬਕਾ ਚੇਅਰਮੈਨ, ਗੁਰਵਿੰਦਰ ਸਿੰਘ ਸ਼ਕਤੀਮਾਨ, ਸਾਬਕਾ ਐਮ ਸੀ ਸੁਖਵਿੰਦਰਪਾਲ ਸਿੰਘ ਮਿੰਟਾ, ਹਰਵਿੰਦਰ ਸਿੰਘ ਬੱਬੂ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ, ਮਹਿੰਦਰਪਾਲ ਸਿੰਘ ਸੋਢੀ, ਜਸਵਿੰਦਰਪਾਲ ਸਿੰਘ ਚੱਢਾ, ਜਗਰੂਪ ਸਿੰਘ ਚੀਮਾ, ਸੁਖਵਿੰਦਰ ਸਿੰਘ ਬੌਬੀ ਤੇ ਹੋਰ ਪਤਵੰਤੇ ਹਾਜ਼ਰ ਸਨ।