ਐੱਸਐੱਮਐੱਸ ਸੰਧੂ ਵੱਲੋਂ ਲਾਲੜੂ 'ਚ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਚ ਡੋਰ ਟੂ ਡੋਰ
: ਹੰਡੇਸਰਾ ਵਿਖੇ ਭਾਜਪਾ ਦਾ ਦਫ਼ਤਰ ਖੋਲਿਆ
ਲਾਲੜੂ- 15 ਮਈ 2024 - ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਭਖਾਉਂਦਿਆ ਅੱਜ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਵੱਲੋਂ ਹੰਡੇਸਰਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਦਾ ਦਫ਼ਤਰ ਖੋਲਿਆ ਗਿਆ ਅਤੇ ਲਾਲੜੂ, ਮੰਡੀ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਹਨਾਂ ਦੁਕਾਨਦਾਰਾਂ ਦੀਆਂ ਸੱਮਸਿਆਵਾਂ ਵੀ ਸੁਣੀਆਂ। ਸਭ ਨੇ ਭਾਜਪਾ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ।
ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋ ਪਿਛਲੇ 10 ਸਾਲਾਂ ਦੌਰਾਨ ਦੇਸ਼ ਭਰ ਚ ਵਿਕਾਸ, ਰੁਜ਼ਗਾਰ, ਮਜ਼ਦੂਰਾਂ, ਔਰਤਾਂ, ਛੋਟੇ-ਵੱਡੇ ਉਦਯੋਗਾਂ, ਸਿੱਖਿਆ, ਸੁਰੱਖਿਆ, ਸਿਹਤ ਅਤੇ ਸਮਾਜਿਕ ਸੁਰੱਖਿਆ ਲਈ ਜੋ ਕੰਮ ਕੀਤੇ ਗਏ ਹਨ, ਉਹ ਸਭ ਤੋਂ ਅੱਗੇ ਹਨ। ਇਸ ਤਰ੍ਹਾਂ ਦਾ ਵਿਕਾਸ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ। ਵਿਸ਼ਵ ਪੱਧਰ ਤੇ ਨਰਿੰਦਰ ਮੋਦੀ ਨੇ ਭਾਰਤ ਨੂੰ ਜੋ ਆਰਥਿਕ ਪਛਾਣ ਦਿੱਤੀ ਹੈ, ਉਹ ਕਾਬਿਲੇ ਤਾਰੀਫ ਹੈ। ਉਹਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਸੰਕਲਪ ਪੱਤਰ ਸੱਚਮੁੱਚ ਵਿਕਾਸ ਕੇਂਦਰਿਤ ਹੈ। ਇਹ ਚੋਣ ਮਨੋਰਥ ਪੱਤਰ ਸਾਡੇ ਦੇਸ਼ ਨੂੰ ਵਿਕਸਿਤ ਭਾਰਤ 2047 ਵੱਲ ਲੈ ਕੇ ਜਾਵੇਗਾ ਅਤੇ ਇਹ ਫਰਜ਼ੀ ਵਾਅਦਿਆਂ ਤੋ ਬਿਨਾਂ ਪੂਰੀ ਤਰ੍ਹਾਂ ਵਾਸਤਵਿਕ ਹੈ।
ਉਨ੍ਹਾਂ ਕਿਹਾ ਕਿ ਸੰਕਲਪ ਪੱਤਰ ਸਮਾਜ ਦੇ ਹਰ ਵਰਗ ਨੂੰ ਕਵਰ ਕਰਦਾ ਹੈ ਜੋ ਮੁੱਖ ਤੌਰ 'ਤੇ 15 ਸ਼੍ਰੇਣੀਆਂ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਭਾਵੇਂ ਇਹ ਔਰਤਾਂ ਲਈ ਜਿਵੇਂ ਕਿ ਲਖਪਤੀ ਦੀਦੀ, ਨਾਰੀ ਸ਼ਕਤੀ ਵੰਦਨ ਅਧਿਨਿਯਮ ਵਰਗੀਆਂ ਯੋਜਨਾਵਾਂ ਜਾਂ ਕਾਮਿਆਂ ਲਈ ਈ-ਸ਼ਰਮਿਕ ਸਕੀਮ ਹੋਵੇ। ਇਸੇ ਤਰ੍ਹਾਂ ਆਯੁਸ਼ਮਾਨ ਭਾਰਤ ਯੋਜਨਾ ਤਹਿਤ 60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾ ਨੂੰ ਕਵਰ ਕਰਕੇ ਸਭ ਦਾ ਧਿਆਨ ਰੱਖਿਆ ਹੈ। ਇਹ ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਅਗਵਾਈ ਹੀ ਹੈ ਜੋ ਸਾਡੇ ਦੇਸ਼ ਨੂੰ ਅੱਗੇ ਲੈ ਜਾ ਸਕਦੀ ਹੈ। ਇਸ ਮੌਕੇ ਗੁਲਜ਼ਾਰ ਸਿੰਘ ਟਿਵਾਣਾ, ਸਾਬਕਾ ਪ੍ਰਧਾਨ ਸੁਨੀਲ ਰਾਣਾ, ਗੁਰਮੀਤ ਸਿੰਘ ਟਿਵਾਣਾ, ਸੁਰਿੰਦਰ ਸਿੰਘ ਜੌਲੀ ਸਮੇਤ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਸਨ।