ਲੋਕੇਸ਼ ਰਿਸ਼ੀ
ਗੁਰਦਾਸਪੁਰ, 16 ਸਤੰਬਰ 2019-ਕਰਤਾਰਪੁਰ ਕਾਰੀਡੋਰ ਨਿਰਮਾਣ ਨੂੰ ਲੈ ਕੇ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਵੱਲੋਂ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਇੱਕ ਰੀਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਤੋਂ ਬਾਦ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਨਿਰਮਾਣ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਅਧਿਕਾਰੀਆਂ ਅੱਗੇ ਕਾਰੀਡੋਰ ਦੇ ਰਸਤੇ ਵਿੱਚ ਖ਼ੁਸ਼ਬੂਦਾਰ ਫੁੱਲ- ਬੂਟੇ ਲਾਉਣ ਅਤੇ ਕਾਰੀਡੋਰ ਦੇ ਮੁੱਖ ਸਵਾਤੀ ਗੇਟ ਉੱਪਰ ਗੁਰੂ ਨਾਨਕ ਦੇਵ ਜੀ ਦੇ ਭਗਤ ਰਾਏ ਬੁਲਾਰ ਦੀ ਤਸਵੀਰ ਲਾਉਣ ਦੀ ਪੇਸ਼ਕਸ਼ ਕੀਤੀ ਗਈ। ਦੂਜੇ ਪਾਸੇ ਅਧਿਕਾਰੀਆਂ ਵੱਲੋਂ ਰੰਧਾਵਾ ਦੇ ਸੁਝਾਵਾਂ ਨੂੰ ਮੰਨ ਲਿਆ ਗਿਆ।
ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਦੋਹਾਂ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕਾਰੀਡੋਰ ਨਿਰਮਾਣ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤੇ ਜਾਣ ਦਾ ਭਰੋਸਾ ਦਵਾਇਆ ਗਿਆ ਹੈ। ਇਸ ਦੇ ਨਾਲ ਹੀ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿਫ਼ਾਰਿਸ਼ ਕੀਤੀ ਗਈ ਹੈ ਕਿ ਕਾਰੀਡੋਰ ਦੇ ਮੁੱਖ ਸਵਾਗਤੀ ਗੇਟ ਉੱਪਰ ਗੁਰੂ ਨਾਨਕ ਦੇਵ ਜੀ ਦੇ ਭਗਤ ਰਾਏ ਬੂਲਾਰ ਦੀ ਤਸਵੀਰ ਲਗਾਈ ਜਾਵੇ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਨਨਕਾਣਾ ਸਾਹਿਬ ਵਿਖੇ ਜ਼ਮੀਨ ਭੇਂਟ ਕੀਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੂਜੀ ਸਿਫ਼ਾਰਿਸ਼ ਵਿੱਚ ਕਾਰੀਡੋਰ ਦੇ ਰਸਤੇ ਵਿੱਚ ਖ਼ੁਸ਼ਬੂਦਾਰ ਰੁੱਖ ਅਤੇ ਫੁੱਲਾਂ ਦੇ ਬੂਟੇ ਲਾਏ ਜਾਣ ਦੀ ਵੀ ਸਿਫ਼ਾਰਿਸ਼ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਦੀ ਲਾਗਤ ਨਾਲ ਬੂਟੇ ਮੁਹੱਈਆ ਕਰਵਾਏ ਜਾਣਗੇ ਅਤੇ ਨਿਰਮਾਣ ਕੰਪਨੀ ਵੱਲੋਂ ਉਹ ਸਾਰੇ ਬੂਟੇ ਰਸਤੇ ਵਿੱਚ ਲਾਏ ਜਾਣ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ। ਮੀਟਿੰਗ ਉਪਰੰਤ ਰੰਧਾਵਾ ਨੇ ਦੱਸਿਆ ਕਿ ਆਉਂਦੀ 19 ਤਰੀਕ ਨੂੰ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਿਨੇਟ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਪੰਜਾਬ ਦੇ ਸਾਰੇ ਮੰਤਰੀ ਸ਼ਾਮਿਲ ਹੋਣਗੇ।ਇਸ ਦੇ ਨਾਲ ਹੀ ਰੰਧਾਵਾ ਨੇ ਦੱਸਿਆ ਕਿ ਜੋ ਸ਼ਰਧਾਲੂ ਪਾਸਪੋਰਟ ਨਾ ਹੋਣ ਜਾਂ ਹੋਰ ਕਾਰਨਾਂ ਕਰ ਕੇ ਪਾਕਿਸਤਾਨ ਵਿਖੇ ਕਰਤਾਪਰੁਰ ਸਾਹਿਬ ਨਹੀਂ ਜਾ ਸਕਣਗੇ। ਉਹਨਾਂ ਲਈ ਡੇਰਾ ਬਾਬਾ ਨਾਨਕ ਦਾ ਢਾਇਆ ਜਾ ਚੁੱਕਾ ਦਰਸ਼ਨ ਅਸਥਲ ਮੁੜ ਤਿਆਰ ਕੀਤਾ ਜਾਵੇਗਾ। ਜਿੱਥੋਂ ਦੂਰਬੀਨਾਂ ਰਾਹੀਂ ਸ਼ਰਧਾਲੂ ਗੁਰਦੂਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਮੀਟਿੰਗ ਵਿੱਚ ਸ਼ਾਮਿਲ ਹੋਣ ਆਏ ਲੈਂਡਪੋਰ੍ਟ ਅਥਾਰਿਟੀ ਦੇ ਅਧਿਕਾਰੀ ਅਖ਼ਿਲ ਸਕਸੈਨਾ ਨੇ ਦੱਸਿਆ ਕਿ ਮਿਥੇ ਟੀਚੇ ਮੁਤਾਬਿਕ 31 ਅਕਤੂਬਰ ਨੂੰ ਕਾਰੀਡੋਰ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟਰਮੀਨਲ ਦੀ ਦਿੱਖ ਨੂੰ ਇੰਟਰਨੈਸ਼ਨਲ ਪੱਧਰ ਤੇ ਤਿਆਰ ਕੀਤਾ ਜਾ ਰਿਹਾ ਹੈ ਅਤੇ ਇੱਥੋਂ ਗੁਜ਼ਰਨ ਵਾਲੇ ਸ਼ਰਧਾਲੂ ਆਪਣੇ ਆਪ ਵਿੱਚ ਮਾਨ ਮਹਿਸੂਸ ਕਰਨ ਗੇ। ਭਾਰਤੀ ਖੇਤਰ ਵਿੱਚ ਕਾਰੀਡੋਰ ਨਿਰਮਾਣ ਦੀ ਗਤੀ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਅਤੇ ਭਾਰਤ ਵਾਲੇ ਪਾਸੇ ਹੋ ਰਹੇ ਨਿਰਮਾਣ ਦੀ ਆਪਸ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ। ਕਿਉਂ ਕਿ ਭਾਰਤੀ ਖੇਤਰ ਵਿਖੇ ਹੋ ਰਿਹਾ ਨਿਰਮਾਣ ਪਾਕਿਸਤਾਨ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਜ਼ਿਆਦਾ ਕੰਮ ਹੋਣ ਕਾਰਨ ਸਮੇਂ ਦਾ ਜ਼ਿਆਦਾ ਲੱਗਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖੇਤਰ ਵਿੱਚ ਚੱਲ ਰਹੇ ਨਿਰਮਾਣ ਸਬੰਧੀ ਇੱਕ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ, ਕਿ ਜਿਸ ਯਾਤਰੀ ਟਰਮੀਨਲ ਨੂੰ ਪੰਜ ਮਹੀਨਿਆਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ, ਆਮ ਤੌਰ ਤੇ ਉਸ ਨੂੰ ਤਿਆਰ ਕਰਨ ਵਿੱਚ ਦੋ ਸਾਲਾਂ ਦਾ ਸਮਾਂ ਲੱਗਦਾ ਹੈ।