- ਸ਼ਤਾਬਦੀ ਸਮਾਗਮ ਗੁਰੂ ਸਾਹਿਬ ਦੇ ਫਲਸਫੇ ਅਤੇ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਣ ਦਾ ਟੀਚਾ: ਰੰਧਾਵਾ
- ਸਹਿਕਾਰਤਾ ਮੰਤਰੀ ਨੇ ਕੀਤਾ ਚਾਰ ਰੋਜ਼ਾ ਉਤਸਵ ਦਾ ਰਸਮੀ ਆਗਾਜ਼
- ਗੁਰੂ ਸਾਹਿਬ ਨਾਲ ਸਬੰਧਤ ਪੰਜ ਪੁਸਤਕਾਂ ਕੀਤੀਆਂ ਲੋਕ ਅਰਪਣ
ਚੰਡੀਗੜ੍ਹ/ਡੇਰਾ ਬਾਬਾ ਨਾਨਕ (ਗੁਰਦਾਸਪੁਰ), 8 ਨਵੰਬਰ 2019 - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹਣ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸੰਗਤੀ ਦਰਸ਼ਨਾਂ ਦੀ ਖੁਸ਼ੀ ਵਿੱਚ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦਾ ਮੁੱਖ ਮੰਤਵ ਸਾਰੇ ਸਮਾਜ ਤੇ ਖਾਸਕਰ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਉਤੇ ਚੱਲ ਕੇ ਸੋਹਣੇ ਸਮਾਜ ਦੀ ਸਿਰਜਣਾ ਕਰਨਾ ਹੈ। ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਉਤਸਵ ਦੇ ਆਗਾਜ਼ ਤੋਂ ਬਾਅਦ ਸੰਬੋਧਨ ਕਰਦਿਆਂ ਕਹੀ।ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਨਾਨਕ ਨਾਮ ਲੇਵਾ ਸੰਗਤ ਵੱਲੋਂ ਵਿੱਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਵਰ੍ਹਿਆਂ ਤੋਂ ਕੀਤੀ ਜਾ ਰਹੀ ਅਰਦਾਸ ਪੂਰੀ ਹੋਣ ਜਾ ਰਹੀ ਹੈ।
ਇਸ ਤੋਂ ਪਹਿਲਾ ਸ. ਰੰਧਾਵਾ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਧਾਰਮਿਕ, ਕਲਾ ਤੇ ਸਾਹਿਤ ਦੇ ਸੁਮੇਲ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦਾ ਰਸਮੀ ਆਗਾਜ਼ ਕੀਤਾ।ਇਹ ਉਤਸਵ ਸਹਿਕਾਰਤਾ ਵਿਭਾਗ ਦੇ ਸਮੂਹ ਸਹਿਕਾਰੀ ਅਦਾਰਿਆਂ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਹੈ ਜੋ 8 ਤੋਂ 11 ਨਵੰਬਰ ਤੱਕ ਡੇਰਾ ਬਾਬਾ ਨਾਨਕ ਵਿਖੇ ਹੋਣਾ ਹੈ। ਬੀਤੇ ਦਿਨ ਅਤੇ ਰਾਤ ਨੂੰ ਆਏ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਮੁੱਖ ਪੰਡਾਲ ਸਣੇ ਸਾਰੇ ਪੰਡਾਲਾਂ ਅਤੇ ਟੈਂਟ ਸਿਟੀ ਦੇ ਆਲੇ-ਦੁਆਲੇ ਖੜ੍ਹੇ ਪਾਣੀ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਅੱਜ ਸੰਗਤ ਦੀ ਸ਼ਰਧਾ ਤੇ ਉਤਸ਼ਾਹ ਅਤੇ ਪ੍ਰਬੰਧਕਾਂ ਦੇ ਸਿਰੜ ਅਤੇ ਕੀਤੇ ਬਦਲਵੇਂ ਪ੍ਰਬੰਧਾਂ ਸਦਕਾ ਡੇਰਾ ਬਾਬਾ ਉਤਸਵ ਦਾ ਆਗਾਜ਼ ਸ਼ਰਧਾ ਤੇ ਉਤਸ਼ਾਹ ਨਾਲ ਹੋਇਆ ਜਿਸ ਨੇ ਖਚਾ ਖਚਾ ਭਰੇ ਪੰਡਾਲ ਨੂੰ ਰੂਹਾਨੀਅਤ ਦੇ ਰੰਗ ਵਿੱਚ ਰੰਗ ਦਿੱਤਾ।
ਸ. ਰੰਧਾਵਾ ਨੇ ਬੋਲਦਿਆਂ ਕਿਹਾ ਕਿ ਇਸ ਉਤਸਵ ਤਹਿਤ ਧਾਰਮਿਕ ਸਮਾਗਮ ਕਰਵਾਉਣ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਰੰਗ ਵਿੱਚ ਰੰਗੀਆਂ ਸਾਹਿਤਕ ਤੇ ਸੱਭਿਆਚਾਰਕ ਵੰਨਗੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਘਰ ਘਰ ਪੁੱਜਦਾ ਕਰਨ ਦਾ ਘੇਰਾ ਹੋਰ ਵਸੀਹ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਦੁਨੀਆਂ ਭਰ ਵਿੱਚੋਂ ਵਿਦਵਾਨ ਕਵੀ, ਲੇਖਕ, ਨਾਟਕਕਾਰ ਸ਼ਾਮਲ ਹੋ ਰਹੇ ਹਨ ਜੋ ਵੱਖ ਵੱਖ ਵਿਦਿਅਕ ਸਮਾਗਮਾਂ ਦੇ ਰੂਪ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵੱਖ-ਵੱਖ ਪੱਖਾਂ ਉਤੇ ਚਾਨਣਾ ਪਾਉਣਗੇ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਗੁਰੂਆਂ ਦੇ ਫ਼ਲਸਫ਼ੇ ਉੱਪਰ ਚੱਲਦਿਆਂ ਸਮੁੱਚੀ ਲੋਕਾਈ ਦੀ ਭਲਾਈ ਲਈ ਕੰਮ ਕੀਤਾ ਜਾਵੇ ਅਤੇ ਸ਼ਤਾਬਦੀਆਂ ਮਨਾਉਣ ਦਾ ਇਹੋ ਅਸਲ ਮਨੋਰਥ ਹੈ।
ਸਭ ਤੋਂ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ 50 ਰਾਗੀ ਕਲਾਕਾਰ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁਦਰਤ ਦੀ ਸਿਫਤ ਵਿੱਚ ਉਚਾਰੀ ਗਈ ਆਰਤੀ ਗਾਇਨ ਕੀਤੀ। ਉਸ ਤੋਂ ਬਾਅਦ ਪੁਲੀਸ ਡੀ.ਏ.ਵੀ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ 'ਗੁਰੂ ਨਾਨਕ ਮਹਿਮਾ' ਐਕਸ਼ਨ ਗੀਤ ਦੀ ਪੇਸ਼ਕਾਰੀ ਕੀਤੀ ਗਈ। ਸ਼ੋਮਣੀ ਐਵਾਰਡ ਜੇਤੂ ਨਾਟਕਕਾਰ ਡਾ. ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਲਘੂ ਨਾਟਕ 'ਜਗਤ ਗੁਰੂ ਬਾਬਾ ਨਾਨਕ' ਖੇਡਿਆ ਗਿਆ, ਜਿਸ ਵਿੱਚ ਪਾਹਿਲੀ ਪਾਤਸ਼ਾਹ ਦਾ ਜੀਵਨ ਅਤੇ ਫਲਸਫੇ ਉਪਰ ਚਾਨਣਾ ਪਾਇਆ ਗਿਆ।
ਇਸ ਤੋਂ ਬਾਅਦ ਬਾਬਿਆਂ ਦੇ ਲੋਕ ਨਾਚ ਮਲਵਈ ਗਿੱਧਾ ਪੇਸ਼ ਕੀਤਾ ਗਿਆ ਜਿਸ ਦੀ ਖਾਸੀਅਤ ਬਾਬਾ ਨਾਨਕ ਨਾਲ ਸਬੰਧਤ ਲੋਕ ਬੋਲੀਆਂ ਪਾਈਆਂ ਗਈਆਂ। ਇਸ ਮੌਕੇ ਸਹਿਕਾਰਤਾ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਕਿਤਾਬਾਂ ਵਿੱਚ ਪ੍ਰਿਥੀਪਾਲ ਸਿੰਘ ਕਪੂਰ ਦੀ 'ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ', ਡਾ. ਅਮਰਜੀਤ ਸਿੰਘ ਵੱਲੋਂ ਸੰਪਾਦਤ ਕੀਤੀ 'ਗੁਰੂ ਨਾਨਕ: ਪ੍ਰੰਪਰਾ ਅਤੇ ਦਰਸ਼ਨ', ਡਾ. ਨਰੇਸ਼ ਵੱਲੋਂ ਸੰਪਾਦਤ 'ਗੁਰੂ ਨਾਨਕ ਬਾਣੀ ਅਤੇ ਪੰਜਾਬੀ ਚਿੰਤਨ', ਕੇਵਲ ਧਾਲੀਵਾਲ ਵੱਲੋਂ ਸੰਪਾਦਿਤ 'ਜਿੱਥੇ ਬਾਬਾ ਪੈਰੁ ਧਰਿ' ਅਤੇ 'ਕਾਵਿ ਸ਼ਾਸਤਰ ਗੁਰੂ ਨਾਨਕ ਵਿਸ਼ੇਸ਼ ਅੰਕ ਚਾਰ ਜਿਲਦਾਂ' ਸ਼ਾਮਲ ਸਨ।
ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਪਰਸਨ ਐਸ. ਪੀ. ਸਿੰਘ ਓਬਰਾਏ, ਮਾਰਕਫੈਡ ਦੇ ਐਮ.ਡੀ. ਵਰੂਣ ਰੂਜ਼ਮ, ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਸ਼ੂਗਰਫੈਡ ਦੇ ਐਮ.ਡੀ. ਪੁਨੀਤ ਗੋਇਲ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਡਾ. ਐਸ. ਕੇ. ਬਾਤਿਸ਼, ਉਤਸਵ ਦੇ ਕੋਆਰਡੀਨੇਟਰ ਅਰਜੀਤ ਸਿੰਘ ਗਰੇਵਾਲ, ਭਗਵੰਤ ਸਿੰਘ ਸੱਚਰ, ਹਾਜ਼ਰ ਸਨ।