ਚੰਡੀਗੜ੍ਹ, 26 ਫਰਵਰੀ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਸੂਰਤ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਨਹੀਂ ਹੋਣ ਦੇਵੇਗੀ।
ਕਰਤਾਰਪੁਰ ਲਾਂਘੇ ਨੂੰ ਇਤਿਹਾਸਕ ਮੀਲਪੱਥਰ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ 9 ਨਵੰਬਰ, 2019 ਨੂੰ ਲਾਂਘਾ ਖੁੱਲ੍ਹਣਾ, ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਬਹੁਤ ਯਾਦਗਾਰੀ ਪਲ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਪੰਜਾਬੀਆਂ ਦੀ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਦੀ ਚਿਰੋਕਣੀ ਖਾਹਿਸ਼ ਪੂਰੀ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਅਕਾਲ ਪੁਰਖ ਦੀ ਮਿਹਰ ਸਦਕਾ ਸੂਬਾ ਸਰਕਾਰ ਨੇ 5 ਨਵੰਬਰ ਤੋਂ ਲੈ ਕੇ 12 ਨਵੰਬਰ, 2019 ਤੱਕ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਉਣ ਦਾ ਸੁਭਾਗ ਹਾਸਲ ਹੋਇਆ। ਇਹ ਸਮਾਗਮ ਸਾਲ ਭਰ ਜਾਰੀ ਰਹਿਣਗੇ ਅਤੇ 3000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਅਤੇ ਸਕੀਮਾਂ ਉਲੀਕੀਆਂ ਗਈਆਂ ਹਨ ਜੋ ਸਾਲ ਦੇ ਮੁਕੰਮਲ ਹੋਣ ਦੌਰਾਨ ਸ਼ੁਰੂ ਹੋ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਪਹਿਲਾਂ ਵੀ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਆਉਂਦੇ ਸਮੇਂ ਵੀ ਹਰ ਮੌਕੇ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਇਸੇ ਸਾਲ ਅਪ੍ਰੈਲ ਮਹੀਨੇ ਤੋਂ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਵਇਆ ਗੜ੍ਹਸ਼ੰਕਰ, ਸ੍ਰੀ ਅਨੰਦਪੁਰ ਸਾਹਿਬ-ਬੰਗਾ ਰੋਡ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਵਜੋਂ ਵਿਕਸਤ ਕਰਕੇ ਚਾਰ ਮਾਰਗੀ ਕਰਨ ਦਾ ਫੈਸਲਾ ਲਿਆ ਜਿਸ ਉਪਰ 400 ਕਰੋੜ ਰੁਪਏ ਦੀ ਲਾਗਤ ਆਵੇਗੀ।
ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਤਿਕਾਰ ਵਿੱਚ ਉਨ੍ਹਾਂ ਦਾ 350ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਸ਼ਵੇਤਾਂਬਰ ਤੇਰਾ ਪੰਥ ਦੇ ਦਸਵੇਂ ਮੁਖੀ ਆਚਾਰਿਆ ਸ੍ਰੀ ਮਹਾਪ੍ਰਗਿਆ ਦਾ 100ਵਾਂ ਜਨਮ ਦਿਹਾੜਾ ਅਤੇ ਭਗਤ ਨਾਮਦੇਵ ਜੀ ਦਾ 750ਵਾਂ ਜਨਮ ਦਿਹਾੜਾ ਮਨਾਇਆ ਜਾਵੇਗਾ।