ਕਾਂਗਰਸੀਆਂ ਵੱਲੋਂ ਬੁਲਾਏ ਬੱਕਰੇ ਮੈਰੇਜ ਪੈਲੇਸ ਪ੍ਰਬੰਧਕਾਂ ਨੂੰ ਪਏ ਮਹਿੰਗੇ
ਅਸ਼ੋਕ ਵਰਮਾ
- ਮੈਨੇਜਰ ਅਤੇ 40 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
ਬਠਿੰਡਾ, 25 ਅਪਰੈਲ2021: ਬਠਿੰਡਾ ’ਚ ਮੇਅਰ ਦੀਆਂ ਕੁਰਸੀਆਂ ਤੇ ਬਿਰਾਮਾਨ ਹੋਣ ਦੀ ਖੁਸ਼ੀ ’ਚ ਗੋਨਿਆਣਾ ਰੋਡ ਤੇ ਸਥਿਤ ਇੱਕ ਪੈਲੇਸ ’ਚ ਦੇਰ ਸ਼ਾਮ ਨੂੰ ਕਾਂਗਰਸੀਆਂ ਵੱਲੋਂ ਮਨਾਏ ਜਸ਼ਨਾਂ ਨੇ ਮੈਰਿਜ ਪੈਲੇਸ ਦੇ ਪ੍ਰਬੰਧਕਾਂ ਨੂੰ ਕਸੂਤਾ ਫਸਾ ਦਿੱਤਾ ਹੈ। ਮੀਡੀਆ ’ਚ ਸੁਖੀਆਂ ਬਣਨ ਤੋਂ ਬਾਅਦ ਬਠਿੰਡਾ ਪੁਲਿਸ ਨੇ ਕਰਫ਼ਿਊ ਅਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਕੇ ਗੋਨਿਆਣਾ ਰੋਡ ’ਤੇ ਸਥਿਤ ਪੈਲੇਸ ਵਿਚ ਪਾਰਟੀ ਕਰਨ ਵਾਲੇ 40 ਅਣਪਛਾਤੇ ਵਿਅਕਤੀਆਂ ਅਤੇ ਪੈਲੇਸ ਪ੍ਰਬੰਧਕ ਖ਼ਿਲਾਫ਼ ਅੱਜ ਥਾਣਾ ਥਰਮਲ ਪੁਲੀਸ ਨੇ ਧਾਰਾ 188, 269, 270 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕਰਕੇ ਸਬੰਧਿਤ ਪੈਲੇਸ ਸੀਲ ਵੀ ਕਰ ਦਿੱਤਾ ਹੈ। ਥਾਣਾ ਥਰਮਲ ਪੁਲਿਸ ਨੇ ਮੈਨੇਜਰ ਰਜੀਵ ਕੁਮਾਰ ਨੂੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਅਣਪਛਾਤਿਆਂ ਬਾਰੇ ਜਾਂਚ ਦੀ ਗੱਲ ਆਖੀ ਜਾ ਰਹੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਤ ਦੇ ਕਰਫ਼ਿਊ ਅਤੇ ਕਰੋਨਾ ਸਬੰਧੀ ਜਾਰੀ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਪੈਲੇਸ ਦੇ ਪ੍ਰਬੰਧਕ ਰਾਜੀਵ ਕੁਮਾਰ ਅਤੇ ਪਾਰਟੀ ’ਚ ਸ਼ਾਮਿਲ ਹੋਏ 40 ਅਣਪਛਾਤੇ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਰਜੀਵ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ।ਪਾਰਟੀ ’ਚ ਸ਼ਾਮਿਲ ਕਾਂਗਰਸੀ ਵਰਕਰਾਂ ਅਤੇ ਕੌਂਸਲਰਾਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰਦਿਆਂ ਸ੍ਰੀ ਵਿਰਕ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ । ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਸਾਹਮਣੇ ਆਉਣਗੇ, ਪੁਲਿਸ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ।
ਮਹੱਤਵਪੂਰਨ ਤੱਥ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵੱਲੋਂ ਪੂਰੇ ਮੁਲਕ ’ਚ ਡਿਜਾਸਟਰ ਮੈਨੇਜਮੈਂਟ ਲਾਗੂ ਕਰਨ ਦੀਆਂ ਰਿਪੋਰਟਾਂ ਉਪਰੰਤ ਬਠਿੰਡਾ ਜਿਲ੍ਹੇ ’ਚ ਪੁਲਿਸ ਨੇ ਦੋ ਥਾਵਾਂ ਤੇ ਇਹ ਵੱਡੀ ਕਾਰਵਾਈ ਕੀਤੀ ਹੈ। ਦੱਸਣਯੋਗ ਹੈ ਕਿ 23 ਅਪ੍ਰੈਲ ਨੂੰ ਨਗਰ ਨਿਗਮ ਦੇ ਮੇਅਰ ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤੋਂ ਇਲਾਵਾ ਕੌਂਸਲਰਾਂ ਨੇ ਅਹੁਦੇਦਾਰੀਆਂ ਸੰਭਾਲੀਆਂ ਸਨ। ਕਾਂਗਰਸੀ ਲੀਡਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਸਬੰਧ ’ਚ ਜਸ਼ਨ ਮਨਾਉਣ ਲਈ ਪੈਲੇਸ ਵਿਚ ਇੱਕ ਪਾਰਟੀ ਦਾ ਪ੍ਰਬੰਧ ਕੀਤਾ ਸੀ ਜੋਕਿ ਦੇਰ ਰਾਤ ਤੱਕ ਚੱਲੀ ਅਤੇ ਮੀਡੀਆ ’ਚ ਚਰਚਾ ਦਾ ਵਿਸ਼ਾ ਬਣੀ ਸੀ। ਇਸ ਸਬੰਧ ’ਚ ਕੁੱਝ ਤਸਵੀਰਾਂ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਜਿੰਨ੍ਹਾਂ ’ਚ ਕਈ ਜਾਣੇ ਪਛਾਣੇ ਚਿਹਰੇ ਦਿਖਾਈ ਦੇ ਰਹੇ ਸਨ ਪਰ ਪੁਲਿਸ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਰਹੀ ਹੈ।
ਰਾਮਪੁਰਾ ’ਚ ਵੀ ਰਗੜੇ ਪੈਲੇਸ ਪ੍ਰਬੰਧਕ
ਥਾਣਾ ਸਿਟੀ ਰਾਮਪੁਰਾ ਨੇ ਵੀ ਲਹਿਰਾ ਧੂੜਕੋਟ ਲਾਗੇ ਇੱਕ ਮੈਰਿਜ ਪੈਲੇਸ ’ਚ ਬਿਨਾਂ ਪ੍ਰਵਾਨਗੀ 100 ਦੇ ਕਰੀਬ ਬਰਾਤੀ ਸੱਦ ਕੇ ਵਿਆਹ ਸਮਾਗਮ ਰੱਖਣ ਦੇ ਮਾਮਲੇ ’ਚ ਪੁਲਿਸ ਨੇ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਰਾਮਪੁਰਾ ਪੁਲਿਸ ਨੇ ਇਸ ਮਾਮਲੇ ’ਚ ਮੈਰਿਜ ਪੈਲੇਸ ਦੇ ਐਮ ਡੀਜ਼ ਗੁਰਵਿੰਦਰ ਸਿੰਘ ਤੇ ਸਿਮਰਜੀਤ ਸਿੰਘ ਵਾਸੀਅਨ ਰਾਮਪੁਰਾ, ਦੋ ਮੈਨੇਜਰ ਵਿਸ਼ਾਲ ਸੋਢੀ ਵਾਸੀ ਗੁਰਦਾਸਪੁਰ ਤੇ ਰਾਜਵੀਰ ਸਿੰਘ,ਅੰਮ੍ਰਿਤਪਾਲ ਵਾਸੀ ਸੰਘਰੀਆ ਅਤੇ ਰਜੇਸ਼ ਕੁਮਾਰ ਵਾਸੀ ਮਾਨਸਾ ਨੂੰ ਧਾਰਾ 188, 269, 270 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਨਾਮਜਦ ਕੀਤਾ ਹੈ। ਐਫ ਆਈ ਆਰ ਮੁਤਾਬਕ ਇੰਨ੍ਹਾਂ ਵੱਲੋਂ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਮੁੱਖ ਥਾਣਾ ਅਫਸਰ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦਾ ਕਹਿਣਾ ਸੀ ਕਿ ਛੇਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਮੌਕੇ ਤੇ ਹੀ ਜਮਾਨਤ ਦੇ ਦਿੱਤੀ ਗਈ ਹੈ।