ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕੀਤਾ ਹੈ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਚੰਡੀਗੜ੍ਹ, 26 ਮਈ 2024: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਸ ਨੂੰ ਕਿ ਸੂਬੇ ਦਾ ਹੱਕ ਦੇਣ ਦਾ ਮੈਨੀਫੈਸਟੋ ਚੰਡੀਗੜ੍ਹ ਤੋਂ ਆਪ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਵੱਲੋਂ ਜਾਰੀ ਕੀਤਾ ਗਿਆ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਪ੍ਰੈੱਸ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿੱਚ ਬੋਲਦਿਆਂ ਪਾਰਟੀ ਦੇ ਹਲਕਾ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਸਰਦਾਰ ਲਖਵੀਰ ਸਿੰਘ ਕੋਟਲਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਨਾਲ ਧੱਕਾ ਕੀਤਾ ਹੈ। 1947 ਤੋਂ ਪਹਿਲਾਂ ਸਾਡੀ ਰਾਜਧਾਨੀ ਲਾਹੌਰ ਸੀ । ਜਿਸ ਨੂੰ ਇਨ੍ਹਾਂ ਨੇ ਪਾਕਿਸਤਾਨ ਨੂੰ ਦੇ ਦਿੱਤਾ । ਫਿਰ ਸ਼ਿਮਲਾ ਨੂੰ ਵੀ ਪੰਜਾਬ ਤੋਂ ਵੱਖ ਕਰ ਦਿੱਤਾ। ਜੇ ਰਾਜਧਾਨੀ ਚੰਡੀਗੜ੍ਹ ਬਣੀ ਤਾਂ ਉਹ ਵੀ ਪੰਜਾਬ ਨੂੰ ਹੋਰ ਲੰਗੜਾ ਕਰਕੇ ਉਸਦੇ ਦੋ ਹਿੱਸੇ ਕਰ ਦਿੱਤੇ ਤੇ ਦੋ ਰਾਜਾਂ ਨੂੰ ਇਹ ਵੰਡ ਕੇ ਦੇ ਦਿੱਤੀ।
55 ਸਾਲ ਬੀਤ ਗਏ ਪੰਜਾਬ ਦੀ ਰਾਜਧਾਨੀ 'ਤੇ ਜੋ ਹੱਕ ਹੈ ਉਹ ਉਸਨੂੰ ਦਿੱਤਾ ਹੀ ਨਹੀਂ ਗਿਆ ਸਗੋਂ ਇਸਨੂੰ ਯੂਟੀ ਬਣਾ ਕੇ ਇਸਦੀ ਸਾਰੀ ਆਮਦਨ ਕੇਂਦਰ ਖਾ ਰਿਹਾ। ਵਾਅਦਾ ਇਹ ਵੀ ਕੀਤਾ ਸੀ ਕਿ ਇਸ ਵਿੱਚ 60 ਪ੍ਰਤੀਸ਼ਤ ਨੌਕਰੀਆਂ ਪੰਜਾਬ ਵਾਸੀਆਂ ਨੂੰ ਮਿਲਣਗੀਆਂ ਜੋ ਕਿ ਕੇਵਲ ਇੱਕ ਖਾਨਾ ਪੂਰਤੀ ਹੀ ਰਹੀ। ਜੇਕਰ ਗੱਲ ਕਰੀਏ ਅਕਾਲੀ ਦਲ ਬਾਦਲ ਦੀ ਤਾਂ ਉਹ ਵੀ 4 ਵਾਰ ਸੱਤਾ ਵਿੱਚ ਰਹੇ ਪਰ ਚੰਡੀਗੜ੍ਹ ਵਾਪਸ ਨਹੀਂ ਲਿਆਏ ਤੇ ਨਾ ਹੀ 1985 ਵਾਲੇ ਰਾਜੀਵ- ਲੌਂਗੋਵਾਲ ਸਮਝੌਤਾ ਰੱਦ ਕੀਤਾ। ਇੱਥੋਂ ਤੱਕ ਕਿ BBMB ਤੋਂ ਪੰਜਾਬ ਦਾ ਹੱਕ ਖੋਹਣ ਤੋਂ ਬਾਅਦ ਵੀ ਨਾ ਤਾਂ ਅਕਾਲੀ ਦਲ ਕੋਈ ਕਾਰਵਾਈ ਕਰ ਸਕਿਆ ਤੇ ਨਾ ਹੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ।
1976 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੰਜਾਈ ਮੰਤਰੀ ਜੀ.ਐੱਲ. ਨੰਦਾ ਦੇ ਹੁਕਮਾਂ ਤਹਿਤ ਸਤਲੁਜ, ਰਾਵੀ ਤੇ ਬਿਆਸ ਦਾ ਪਾਣੀ ਨਾਨ ਰਿਪੇਅਰੀਅਨ ਰਾਜਾਂ ਹਰਿਆਣਾ ਅਤੇ ਰਾਜਸਥਾਨ ਨੂੰ ਦੇ ਦਿੱਤਾ। ਜੇ ਪੰਜਾਬ ਜਮਨਾ ਦੇ ਪਾਣੀ ਲਈ ਨਾਨ ਰਿਪੇਅਰੀਅਨ ਹੈ ਤਾਂ ਕਾਂਗਰਸ ਨੇ ਕਿਸ ਲਾਅ ਅਧੀਨ ਪੰਜਾਬ ਦਾ ਪਾਣੀ ਬਿਨਾਂ ਹੱਕ ਵਾਲੇ ਰਾਜਾਂ ਵਿੱਚ ਵੰਡ ਛੱਡਿਆ। ਕਿਹੜੀ ਪਾਰਟੀ ਨੇ ਪੰਜਾਬ ਦੇ ਇਨ੍ਹਾਂ ਮੁੱਦਿਆ ਨੂੰ ਹੱਲ ਕਰਨ ਦੀ ਗੱਲ ਕਹੀ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕਿਹੜਾ ਮੈਨੀਫੈਸਟੋ ਲੈ ਕੇ ਪੰਜਾਬ ਵਿੱਚ ਰੈਲੀ ਕਰ ਕੇ ਗਏ? ਇੱਕ ਵੀ ਮੁੱਦੇ ਨੂੰ ਸੁਲਝਾਉਣ ਜਾਂ ਪੰਜਾਬ ਨੂੰ ਉਸਦੇ ਹੱਕ ਦੇਣ ਦੀ ਗੱਲ ਕਿਸੇ ਵੀ ਭਾਸ਼ਣ ਵਿੱਚ ਨਹੀਂ ਕੀਤੀ ਤੇ ਨਾ ਹੀ ਮੈਨੀਫੈਸਟੋ ਵਿੱਚ।
ਲਖਵੀਰ ਸਿੰਘ ਕੋਟਲਾ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਛੱਡਿਆ ਨਹੀਂ ਜਾ ਸਕਦਾ। ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਸ਼ਹਿਰ ਹੈ ਜਿਸ ਤੇ ਕੇਵਲ ਪੰਜਾਬ ਦਾ ਹੱਕ ਹੈ। ਇਸ ਮੌਕੇ ਜਥੇਦਾਰ ਬਲਕਾਰ ਸਿੰਘ ਭੁੱਲਰ,ਸੁਖਵਿੰਦਰ ਸਿੰਘ ਭਾਟੀਆ, ਤਲਵਿੰਦਰ ਸਿੰਘ ਭੁੱਲਰ, ਬਲਬੀਰ ਸਿੰਘ, ਸੇਵਾ ਸਿੰਘ ਗੀਗੇਮਾਜਰਾ, ਨਾਇਬ ਸਿੰਘ ਗੀਗੇਮਾਜਰਾ, ਜਗਦੀਪ ਸਿੰਘ ਕੰਸਾਲਾ, ਜਿਲਾ ਥੂਥ ਪ੍ਰਧਾਨ ਮੋਹਾਲੀ, ਸ ਕਰਨਰਾਜ ਸਿੰਘ ਐਡਵੋਕੇਟ ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜ, ਵਿਕਰਮਪ੍ਰੀਤ ਸਿੰਘ, ਨਾਜਰ ਸਿੰਘ ਸਾਰੰਗਪੁਰਮਣਕਾ, ਮਨਪ੍ਰੀਤ ਸਿੰਘ ਬਡਹੇੜੀ, ਰਣਧੀਰ ਸਿੰਘ ਸਾਰੰਗਪੁਰ ਵੀ ਮੌਜੂਦ ਸਨ।