ਕਿਸਾਨਾਂ ਨੂੰ ਮੋਦੀ ਦੀ ਰੈਲੀ ਤਕ ਪਹੁੰਚਣ ਤੋਂ ਰੋਕਿਆ, ਟੋਲ ਪਲਾਜ਼ਾ 'ਤੇ ਤਾਇਨਾਤ ਪੁਲਿਸ
ਪੰਜਾਬ 'ਚ PM ਮੋਦੀ ਦੀ ਰੈਲੀ ਸ਼ਾਮ 4 ਵਜੇ
ਪਟਿਆਲਾ, 23 ਮਈ 2024 : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚ ਰਹੇ ਹਨ ਅਤੇ ਉਨ੍ਹਾਂ ਕਈ ਥਾਈਂ ਚੋਣ ਰੈਲੀਆਂ ਨੂੰ ਸੰਬੋਧਨ ਵੀ ਕਰਨਾ ਹੈ। ਇਸ ਮੌਕੇ ਕਿਸਾਨਾਂ ਨੇ ਵੀ ਐਲਾਨ ਕੀਤਾ ਹੋਇਆ ਹੈ ਕਿ ਉਹ ਮੋਦੀ ਦੀ ਰੈਲੀ ਵਿਚ ਜਾਣਗੇ ਅਤੇ ਸਵਾਲ ਪੁੱਛਣਗੇ।
ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਆ ਰਹੇ ਹਨ। ਮੋਦੀ ਲੋਕ ਸਭਾ 'ਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ 'ਚ ਪ੍ਰਚਾਰ ਕਰਨਗੇ। ਮੋਦੀ ਰੈਲੀ 'ਚ ਮੌਜੂਦ ਭਾਜਪਾ ਵਰਕਰਾਂ ਨਾਲ ਮੁਲਾਕਾਤ ਕਰਨਗੇ। ਜਾਣਕਾਰੀ ਮੁਤਾਬਕ ਪੀਐਮ ਮੋਦੀ ਦਾ ਹੈਲੀਕਾਪਟਰ ਸ਼ਾਮ ਕਰੀਬ 4 ਵਜੇ ਯਾਦਵਿੰਦਰਾ ਸਟੇਡੀਅਮ ਪਹੁੰਚੇਗਾ। ਇਸ ਤੋਂ ਬਾਅਦ ਕਾਫ਼ਲਾ 450 ਸੁਰੱਖਿਆ ਕਰਮੀਆਂ ਦੀ ਪਹਿਰੇ ਹੇਠ ਸੜਕ ਰਾਹੀਂ ਪੋਲੋ ਗਰਾਊਂਡ ਪਹੁੰਚੇਗਾ।
ਦੂਜੇ ਪਾਸੇ ਕਿਸਾਨਾਂ-ਮਜ਼ਦੂਰਾਂ ਨੇ ਦੋ ਦਿਨ ਪਹਿਲਾਂ ਜਗਰਾਓਂ ਵਿੱਚ ਮਹਾਂਪੰਚਾਇਤ ਵੀ ਰੱਖੀ ਸੀ, ਜਿਸ ਵਿੱਚ ਉਨ੍ਹਾਂ ਫੈਸਲਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ। ਮੋਦੀ ਦੀ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ ਹੈ। ਭਾਜਪਾ ਆਗੂਆਂ ਮੁਤਾਬਕ ਰੈਲੀ ਦੀ ਸੁਰੱਖਿਆ ਲਈ ਅੱਜ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲੀਸ ਦੇ ਕੁੱਲ 5 ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਹਨ।