ਕਰਤਾਰਪੁਰ ਕਾਰੀਡੋਰ ਤੋਂ ਕਾਬੂ ਕੀਤਾ ਗਿਆ ਸੀ ਅਮਰੀਕੀ ਪਾਸਪੋਰਟ ਵਾਲਾ ਪੰਜਾਬੀ
ਲੋਕੇਸ਼ ਰਿਸ਼ੀ
ਗੁਰਦਾਸਪੁਰ, 7 ਦਸੰਬਰ 2019- ਬੀਤੇ ਸ਼ੁੱਕਰਵਾਰ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਯਾਤਰੀ ਟਰਮੀਨਲ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੁਲਿਸ ਹਵਾਲੇ ਕੀਤੇ ਗਏ ਅਮਰੀਕੀ ਪਾਸਪੋਰਟ ਹੋਲਡਰ ਪੰਜਾਬੀ ਵਿਅਕਤੀ ਨੂੰ ਪੁੱਛ-ਗਿੱਛ ਕਰਨ ਮਗਰੋਂ ਬਾਇੱਜ਼ਤ ਰਿਹਾ ਕਰ ਦਿੱਤਾ ਗਿਆ।
ਉਕਤ ਮਾਮਲੇ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਤਾਇਨਾਤ ਐੱਸ.ਪੀ ਹੈੱਡਕੁਆਟਰ ਜਸਬੀਰ ਸਿੰਘ ਰਾਏ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਪਾਲ ਸਿੰਘ ਦਾ ਵਿਅਕਤੀ ਡੇਰਾ ਬਾਬਾ ਨਾਨਕ ਦੇ ਕਰਤਾਰਪੁਰ ਸਾਹਿਬ ਯਾਤਰੀ ਟਰਮੀਨਲ ਤੇ ਪਹੁੰਚਿਆਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਸੇ ਰਸਤੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਦੀ ਗੱਲ ਕਹੀ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਜਦੋਂ ਯਾਤਰਾ ਸਬੰਧੀ ਜ਼ਰੂਰੀ ਕਾਗ਼ਜ਼ਾਤ ਦੀ ਮੰਗ ਕੀਤੀ ਗਈ ਤਾਂ ਉਸ ਕੋਲ ਲੋੜੀਂਦੇ ਦਸਤਾਵੇਜ਼ ਪੂਰੇ ਨਹੀਂ ਸਨ ਅਤੇ ਉਸ ਦਾ ਪਾਸਪੋਰਟ ਵੀ ਅਮਰੀਕੀ ਸੀ। ਇਸ ਤੋਂ ਬਾਦ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਅੰਮ੍ਰਿਤਪਾਲ ਨੂੰ ਬਿਨਾ ਜ਼ਰੂਰੀ ਦਸਤਾਵੇਜ਼ਾਂ ਦੇ ਇਸ ਰਸਤੇ ਕਰਤਾਰਪੁਰ ਸਾਹਿਬ ਭੇਜਣ ਤੋਂ ਮਨਾ ਕਰ ਦਿੱਤਾ ਗਿਆ ਅਤੇ ਇਸੇ ਦੌਰਾਨ ਹੀ ਅੰਮ੍ਰਿਤਪਾਲ ਵਾਪਸ ਪਰਤਣ ਦੀ ਬਜਾਏ ਜ਼ਬਰਦਸਤੀ ਪਾਕਿਸਤਾਨ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੰਮ੍ਰਿਤਪਾਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਾਣ ਲਈ ਬਾਜ਼ਿੱਦ ਰਿਹਾ। ਜਿਸ ਤੋਂ ਬਾਦ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਅੰਮ੍ਰਿਤਪਾਲ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਐੱਸ.ਪੀ ਹੈੱਡਕੁਆਟਰ ਰਾਏ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਅੰਮ੍ਰਿਤਪਾਲ ਸਿੰਘ ਦੀ ਪੁੱਛ-ਪੜਤਾਲ ਅਤੇ ਜਾਂਚ ਕਰਨ ਮਗਰੋਂ ਸਾਹਮਣੇ ਆਇਆ ਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਨਾਂ ਹੀ ਕਰਤਾਰਪੁਰ ਜਾਣ ਲਈ ਉਸ ਦੀ ਕੋਈ ਗ਼ਲਤ ਮਨਸ਼ਾ ਸੀ। ਬੱਸ ਉਹ ਅਧੂਰੇ ਮੰਦਾ ਨਾਲ ਹੀ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਤੇ ਜਾਣ ਦੀ ਜ਼ਿੱਦ ਕਰ ਰਿਹਾ ਸੀ। ਐੱਸ.ਪੀ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਲੋੜੀਂਦੀ ਪੁਲਸੀਆ ਤਫ਼ਤੀਸ਼ ਪੂਰੀ ਕਰਨ ਮਗਰੋਂ ਉਸ ਨੂੰ ਛੱਡ ਦਿੱਤਾ ਗਿਆ ਹੈ।