-ਹਰੇਕ ਪ੍ਰਕਾਰ ਦੇ ਮਾਲ, ਮਾਰਕਿਟ, ਦੁਕਾਨਾਂ, ਰੈਸਟੋਰੈਂਟ ਐਤਵਾਰ ਵਾਲੇ ਦਿਨ ਰਹਿਣਗੇ ਬੰਦ
-ਬਾਰ, ਸਿਨਮਾ ਹਾਲ, ਜਿੰਮ, ਸਪਾ, ਸਵਿੰਮਿੰਗ ਪੂਲ, ਕੋਚਿੰਗ ਸੈਂਟਰ, -ਸਪੋਰਟਸ ਕੰਪਲੈਕਸ ਰਹਿਣਗੇ ਬੰਦ-ਵਧੀਕ ਜਿ਼ਲ੍ਹਾ ਮੈਜਿਸਟ੍ਰੇਟ
-ਰਾਤ 8 ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ
ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 21 ਅਪ੍ਰੈਲ 2021 - ਅਡੀਸ਼ਨਲ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧ ਰਹੇ ਕਰੋਨਾ ਦੇ ਪ੍ਰਕੋਪ ਤੋਂ ਜਿ਼ਲ੍ਹੇ ਦੇ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਵਿੱਚ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿ਼ਲ੍ਹਾ ਮੋਗਾ ਅੰਦਰ ਮਿਤੀ 30 ਅਪ੍ਰੈਲ 2021 ਤੱਕ ਨਵੀਆਂ ਪਾਬੰਦੀਆਂ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਹੁਣ ਜਿ਼ਲ੍ਹੇ ਅੰਦਰ ਸਾਰੇ ਬਾਰ, ਸਿਨਮਾ ਹਾਲ, ਜਿੰਮ, ਸਪਾ, ਸਵਿੰਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਹਰ ਪ੍ਰਕਾਰ ਦੇ ਰੈਸਟੋਰੈਂਟ (ਸਮੇਤ ਹੋਟਲਾਂ ਦੇ ਅੰਦਰ ਬਣੇ ਰੈਸਟੋਰੈਂਟ) ਬੰਦ ਰਹਿਣਗੇ। ਕੇਵਲ ਖਾਣਾ ਘਰ ਲਿਜਾਣ ਅਤੇ ਹੋਮ ਡਿਲੀਵਰੀ ਦੀ ਹੀ ਆਗਿਆ ਹੋਵੇਗੀ।
ਵਿਆਹ ਸਮਾਰੋਹ/ਮਰਗ/ਅੰਤਿਮ ਸੰਸਕਾਰ ਸਮੇਤ ਕਿਸੇ ਵੀ ਪ੍ਰਕਾਰ ਦੇ ਇਕੱਠ ਵਿੱਚ 20 ਵਿਅਕਤੀਆਂ ਤੋਂ ਵੱਧ ਤੇ ਇਕੱਠ ਦੀ ਪ੍ਰਵਾਨਗੀ ਨਹੀਂ ਹੋਵੇਗੀ। ਮਰਗ ਤੋਂ ਇਲਾਵਾ 10 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਤੋਂ ਪੂਰਵ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਜਿਹੜੇ ਵਿਅਕਤੀ ਕਿਸੇ ਵੱਡੇ ਇਕੱਠ (ਧਾਰਮਿਕ/ਰਾਜਨੀਤਿਕ/ਸਮਾਜਿਕ) ਵਿੱਚ ਸ਼ਾਮਿਲ ਹੋਣਗੇ, ਉਨ੍ਹਾਂ ਨੂੰ ਪ੍ਰੋਟੋਕੋਲ ਅਨੁਸਾਰ 5 ਦਿਨ ਲਈ ਘਰੇਲੂ ਇਕਾਂਤਵਾਸ ਹੋਣਾ ਜਰੂਰੀ ਹੋਵੇਗਾ ਅਤੇ ਉਨ੍ਹਾਂ ਦਾ ਕਰੋਨਾ ਟੈਸਟ ਵੀ ਕਰਵਾਇਆ ਜਾਵੇਗਾ।
ਜਿਲ੍ਹੇ ਵਿੱਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਰਹੇਗਾ। ਰਾਤ ਦਾ ਕਰਫਿਊ ਵਿਆਹ ਸਮਾਗਮਾਂ ਉੱਪਰ ਵੀ ਲਾਗੂ ਹੋਵੇਗਾ। ਪ੍ਰੰਤੂ ਇਹ ਕਰਫਿਊ ਜਰੂਰੀ ਸੇਵਾਵਾਂ ਸਮੇਤ ਉਦਯੋਗਾਂ ਅਤੇ ਹਵਾਈ, ਰੇਲ ਅਤੇ ਬੱਸਾਂ ਰਾਹੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਵਾਲੇ ਯਾਤਰੀਆਂ ਤੇ ਲਾਗੂ ਨਹੀਂ ਹੋਵੇਗਾ।
ਪਬਲਿਕ ਟ੍ਰਾਂਸਪੋਰਟ ਜਿਵੇਂ ਕਿ ਬੱਸਾਂ, ਆਟੋ, ਟੈਕਸੀਆਂ ਆਦਿ ਵਿੱਚ ਸਮਰੱਥਾ ਅਨੁਸਾਰ 50 ਫੀਸਦੀ ਯਾਤਰੀਆਂ ਦੀ ਪ੍ਰਵਾਨਗੀ ਹੋਵੇਗੀ। ਹਰੇਕ ਪ੍ਰਕਾਰ ਦੇ ਮਾਲ, ਮਾਰਕਿਟ, ਦੁਕਾਨਾਂ, ਰੈਸਟੋਰੈਂਟ (ਹੋਟਲਾਂ ਦੇ ਅੰਦਰ ਸਥਿਤ ਰੈਸਟੋਰੈਂਟ) ਐਤਵਾਰ ਵਾਲੇ ਦਿਨ ਬੰਦ ਰਹਿਣਗੇ। ਕੇਵਲ ਜਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਸਾਰੇ ਹਫ਼ਤਾਵਰੀ ਬਜ਼ਾਰ ਵੀ ਐਤਵਾਰ ਨੂੰ ਬੰਦ ਰਹਿਣਗੇ।