← ਪਿਛੇ ਪਰਤੋ
ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਉਣ ਵਾਲੇ ਲੀਡਰਾਂ ‘ਤੇ ਕਰਵਾਈ ਦੀ ਮੰਗ ਅਸ਼ੋਕ ਵਰਮਾ ਬਠਿੰਡਾ,26ਅਪਰੈਲ2021: ਆਮ ਆਦਮੀ ਪਾਰਟੀ ਬਠਿੰਡਾ ਦੇ ਆਗੂਆਂ ਨੇ ਨਗਰ ਨਿਗਮ ਬਠਿੰਡਾ ’ਚ ਜਿੱਤ ਉਪਰੰਤ ਸੱਤਾ ਧਿਰ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਰਾਹੀਂ ਜਸ਼ਨ ਮਨਾਉਣ ਦੇ ਮਾਮਲੇ ’ਚ ਲੀਡਰਾਂ ਦੀ ਪਛਾਣ ਕਰਕੇ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਨੀਲ ਗਰਗ ਅਤੇ ਜਿਲ੍ਹਾ ਜਰਨਲ ਸਕੱਤਰ ਰਕੇਸ਼ ਪੁਰੀ ਨੇ ਬਠਿੰਡਾ ਪ੍ਰਸ਼ਾਸ਼ਨ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਆਖਿਆ ਕਿ ਜਦੋਂ ਇਸ ਜਸ਼ਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਤਾਂ ਅਧਿਕਾਰੀਆਂ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਜਨਤਕ ਤੌਰ ’ਤੇ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾ ਰਹੀ ਹੈ ਜਿਸ ਨੂੰ ਪ੍ਰਸ਼ਾਸ਼ਨ ਅਣਦੇਖਿਆ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮਾਮਲੇ ਦੇ ਉਭਰਣ ਤੇ ਪੁਲਿਸ ਨੂੰ ਮਜਬੂਰੀ ਵਿੱਚ ਪੈਲੇਸ ਮਾਲਕ ਖਿਲਾਫ ਕੇਸ ਦਰਜ ਕਰਨਾ ਪਿਆ ਜਦੋਂਕਿ ਪੁਲਿਸ ਪਸ਼ਾਸ਼ਨ ਕਾਂਗਰਸ ਦੇ ਲੀਡਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮਾਮਲਾ ਸਾਫ ਹੋ ਗਿਆ ਹੈ ਤਾਂ ਪੁਲਿਸ ਕਾਰਵਾਈ ਕਰਨ ਤੋਂ ਕਿਓਂ ਬਚ ਰਹੀ ਹੈ। ਉਨ੍ਹਾਂ ਮੰਗ ਕੀਤੀ ਜਿੰਨ੍ਹਾਂ ਅਣਪਛਾਤੇ ਲੋਕਾਂ ‘ਤੇ ਮਾਮਲਾ ਦਰਜ਼ ਕੀਤਾ ਗਿਆ ਹੈ, ਉਨ੍ਹਾਂ ਦੀ ਛੇਤੀ ਤੋਂ ਛੇਤੀ ਪਛਾਣ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਮੁਲਕ ਗੰਭੀਰ ਸਥਿਤੀ ‘ਚੋਂ ਗੁਜਰ ਰਿਹਾ ਹੈ ਤਾਂ ਇਸ ਦੌਰਾਨ ਹਾਕਮ ਧਿਰ ਵੱਲੋਂ ਕਾਇਦਾ ਕਾਨੂੰਨਾਂ ਦੀ ਉਲੰਘਣਾ ਅਤੇ ਨਿਯਮ ਤੋੜਨ ਵਾਲਿਆਂ ਖਿਲਾਫ ਪੁਲਿਸ ਦਾ ਢਿੱਲਾ ਰਵਇਆ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਇਸ ਲਈ ਦੋਸ਼ੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਏ।
Total Responses : 267