← ਪਿਛੇ ਪਰਤੋ
ਜਾਣੋ ਕਿਹੜਾ ਧਾਰਮਿਕ ਆਗੂ ਕਰੇਗਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਦੀ ਅਗਵਾਈ, ਮੋਦੀ ਸਰਕਾਰ ਨੇ ਕੀ ਕੀਤਾ ਵੱਡਾ ਫੈਸਲਾ ਨਵੀਂ ਦਿੱਲੀ, 8 ਨਵੰਬਰ, 2019 : ਇਕ ਬੇਹੱਦ ਅਹਿਮ ਫੈਸਲੇ ਵਿਚ ਮੋਦੀ ਸਰਕਾਰ ਨੇ ਤੈਅ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪਹਿਲੇ ਜੱਥੇ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ। ਇਸ ਫੈਸਲੇ ਬਾਰੇ ਖੁਲ•ਾਸਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਹਫਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ। ਪਹਿਲਾਂ ਇਸ ਗੱਲ ਨੂੰ ਲੈ ਕੇ ਖਿੱਚੋਤਾਣ ਬਣੀ ਹੋਈ ਸੀ ਕਿ ਪਹਿਲੇ ਜੱਥੇ ਦੀ ਅਗਵਾਈ ਕੌਣ ਕਰੇਗਾ। ਸਿਆਸਤਦਾਨਾਂ ਦੇ ਇਕ ਵਰਗ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਜੱਥੇ ਦੀ ਅਗਵਾਈ ਕਰਨਗੇ ਜਦਕਿ ਦੂਜੇ ਵਰਗ ਦਾ ਕਹਿਣਾ ਸੀ ਕਿ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਜੱਥੇ ਦੀ ਅਗਵਾਈ ਕਰਨਗੇ। ਪਰ ਦੋਹਾਂ ਕਿਆਸ ਅਰਾਈਆਂ ਤੋਂ ਉਲਟ ਮੋਦੀ ਸਰਕਾਰ ਨੇ ਰਾਜਸੀ ਅਤੇ ਧਾਰਮਿਕ ਤੌਰ 'ਤੇ ਬੇਹੱਦ ਪਰਪਕਤਾ ਭਰਪੂਰ ਫੈਸਲਾ ਲੈਂਦਿਆਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਸ ਜੱਥੇ ਦੀ ਅਗਵਾਈ ਕਰਨਗੇ। ਸਿੱਖ ਹਲਕਿਆਂ ਵਿਚ ਇਸ ਫੈਸਲੇ ਨੂੰ ਬੜੀ ਸੂਝ ਬੂਝ ਵਾਲਾ ਕਰਾਰ ਦਿੱਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾ ਸਿੱਖਾਂ ਦੀ ਅਗਵਾਈ ਕਰਦਾ ਰਿਹਾ ਹੈ। ਜਦੋਂ ਕਦੇ ਵੀ ਸਿੱਖਾਂ ਵਿਚ ਦੁਬਿਧਾ ਦੀ ਸਥਿਤੀ ਹੁੰਦੀ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਰਦੇਸ਼ ਪ੍ਰਾਪਤ ਕਰਕੇ ਅੱਗੇ ਵਧਣ ਦੀ ਪਰੰਪਰਾ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਵ ਉਚ ਮੰਨਿਆ ਜਾਂਦਾ ਹੈ। ਇਸ ਇਤਿਹਾਸਕ ਅਤੇ ਇਸ ਕੌਮਾਂਤਰੀ ਪੱਧਰ 'ਤੇ ਵੇਖੇ ਜਾਣ ਵਾਲੇ ਘਟਨਾਕ੍ਰਮ ਵਿਚ ਜੱਥੇ ਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੋਂ ਕਰਵਾਉਣ ਦਾ ਫੈਸਲਾ ਲੈ ਕੇ ਮੋਦੀ ਸਰਕਾਰ ਨੇ ਇਕ ਵਾਰ ਫਿਰ ਸਿੱਖਾਂ ਲਈ ਬਹੁਤ ਵੱਡੇ ਫੈਸਲੇ ਲੈਣ ਦੇ ਆਪਣੇ ਕ੍ਰਮ ਨੂੰ ਹੋਰ ਪੁਖ਼ਤਾ ਕੀਤਾ ਹੈ।
Total Responses : 267