ਜੀਤਮਹਿੰਦਰ ਸਿੱਧੂ ਨੇ ਮੌੜ ਹਲਕੇ ਦੇ ਦਰਜ਼ਨਾਂ ਪਿੰਡਾਂ ‘ਚ ਕੀਤਾ ਚੋਣ ਪ੍ਰਚਾਰ
ਬਠਿੰਡਾ, 4 ਮਈ 2024: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਮੋੜ ਵਿਧਾਨ ਸਭਾ ਹਲਕੇ ਦੇ ਮੋੜ ਬਲਾਕ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਵੱਡੇ ਇਕੱਠ ਕਰਕੇ ਅਪਣੇ ਮਹਿਬੂਬ ਨੇਤਾ ਨੂੰ ਥਾਂ-ਥਾਂ ਲੱਡੂਆਂ ਨਾਲ ਤੋਲਦਿਆਂ ਵੱਡੀ ਲੀਡ ਦੇ ਨਾਲ ਇੰਨਾਂ ਪਿੰਡਾਂ ਵਿਚੋਂ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ। ਦਸਣਾ ਬਣਦਾ ਕਿ ਮੋੜ ਹਲਕੇ ਦੇ ਮੋੜ ਬਲਾਕ ਨਾਲ ਸਬੰਧਤ ਪਿੰਡ ਕਦੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਨਾਲ ਜੁੜੇ ਰਹੇ ਹਨ, ਜਿੱਥੋਂ ਇੰਨ੍ਹਾਂ ਪਿੰਡਾਂ ਦੇ ਲੋਕਾਂ ਦੇ ਪਿਆਰ ਸਦਕਾ ਕਈ ਵਾਰ ਜਿੱਤ ਕੇ ਜੀਤਮਹਿੰਦਰ ਸਿੰਘ ਸਿੱਧੂ ਵਿਧਾਇਕ ਬਣੇ ਹਨ।
ਇੰਨ੍ਹਾਂ ਪਿੰਡਾਂ ‘ਚ ਚੋਣ ਪ੍ਰਚਾਰ ਕਰਦਿਆਂ ਸ: ਸਿੱਧੂ ਨੇ ਲੋਕਾਂ ਨਾਲ ਅਪਣੀਆਂ ਪੁਰਾਣੀਆਂ ਯਾਦਾਂ ਸਾਝਾਂ ਕੀਤੀਆਂ ਤੇ ਭਰੋਸਾ ਦਿਵਾਇਆ ਕਿ ਅੱਜ ਵੀ ਉਨ੍ਹਾਂ ਦਾ ਦਿਲ ਅਪਣੇ ਲੋਕਾਂ ਲਈ ਧੜਕਦਾ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰਾਂ ’ਤੇ ਹਮਲੇ ਕਰਦਿਆਂ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਦੀ ਹਿਮਾਇਤ ਕਰਨ ਵਾਲੇ ਅਕਾਲੀ ਅਤੇ ਇੰਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਭਾਜਪਾਈਆਂ ਨੂੰ ਹੁਣ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਕਿਸ ਮੂੰਹ ਦੇ ਨਾਲ ਕਿਸਾਨਾਂ ਦੀਆਂ ਵੋਟਾਂ ਮੰਗ ਰਹੇ ਹਨ। ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਜਦ ਸੂਬੇ ਵਿਚ ਕਾਂਗਰਸ ਦੀ ਸਰਕਾਰ ਸੀ ਤਦ ਦਿੱਲੀ ਵਿਚ ਚੱਲੇ ਕਿਸਾਨ ਅੰਦੋਲਨ ਦੌਰਾਨ ਕਾਂਗਰਸ ਪਾਰਟੀ ਡਟ ਕੇ ਕਿਸਾਨਾਂ ਨਾਲ ਖੜੀ ਤੇ ਪੰਜਾਬ ਵਿਚ ਉਨ੍ਹਾਂ ਨੂੰ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਪ੍ਰੰਤੂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਨਾਲ ਅੰਦਰਖ਼ਾਤੇ ਮਿਲ ਕੇ ਸਿਆਸੀ ਖੇਡ, ਖੇਡ ਰਹੀ ਹੈ ਤੇ ਕਿਸਾਨਾਂ ’ਤੇ ਲਾਡੀਚਾਰਜ਼ ਕੀਤਾ ਜਾ ਰਿਹਾ।
ਸਾਡੇ ਪਿੰਡਾਂ ਦਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਪੰਜਾਬ ਦੀ ਧਰਤੀ ’ਤੇ ਹਰਿਆਣਾ ਪੁਲਿਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਪ੍ਰੰਤੂ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੇ ਭਾਰੀ ਰੋਸ਼ ਤੋਂ ਬਾਅਦ ਅਗਿਆਤ ਵਿਅਕਤੀਆਂ ਵਿਰੁਧ ਜੀਰੋ ਐਫ਼ਆਈਆਰ ਦਰਜ਼ ਕਰਕੇ ਮਾਮਲਾ ਠੱਪ ਕਰ ਦਿੱਤਾ, ਜਿਸਤੋਂ ਸਰਕਾਰ ਦੀ ਨੀਅਤ ਸਪੱਸ਼ਟ ਝਲਕਦੀ ਹੈ। ਉਨ੍ਹਾਂ ਸਰਕਾਰ ਦੇ ਖੇਤੀਬਾੜੀ ਮੰਤਰੀ ਤੇ ਬਠਿੰਡਾ ਤੋਂ ਉਮੀਦਵਾਰ ’ਤੇ ਕਿਸਾਨਾਂ ਦੇ ਨਾਂ ’ਤੇ ਮਗਰਮੱਛ ਵਾਲੇ ਹੰਝੂ ਵਹਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਆਪ ਸਰਕਾਰ ਬਣਨ ਤੋਂ ਬਾਅਦ ਕੁਦਰਤੀ ਆਫ਼ਤਾਂ ਦੇ ਨਾਲ ਕਈ ਵਾਰ ਫ਼ਸਲ ਤਬਾਹ ਹੋ ਚੁੱਕੀ ਹੈ ਤੇ ਮੰਤਰੀ ਦੇ ਮਹਿਕਮੇ ਦੀ ਲਾਪਰਵਾਹੀ ਕਾਰਨ ਹਲਕੇ ਦੇ ਹਜ਼ਾਰਾਂ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਹੈ ਪ੍ਰੰਤੂ ਬੱਕਰੀਆਂ ਤੇ ਮੁਰਗਿਆਂ ਦੇ ਮੁਆਵਜ਼ਾ ਦੇਣ ਦੇ ਝੂਠੇ ਵਾਅਦੇ ਕਰਨ ਵਾਲੀ ਆਪ ਸਰਕਾਰ ਦੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਨੁਕਸਾਨ ਦੀ ਭੋਰਾ ਵੀ ਭਰਪਾਈ ਨਹੀਂ ਕੀਤੀ, ਜਿਸ ਕਾਰਨ ਅੱਜ ਕਿਸਾਨ ਥਾਂ ਥਾਂ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਜੀਤਮਹਿੰਦਰ ਸਿੰਘ ਸਿੱਧੂ ਨੇ ਵੋਟਰਾਂ ਨੂੰ ਅਪਣੇ ਬੱਚਿਆਂ ਦੇ ਭਵਿੱਖ ਤੇ ਦੇਸ਼ ’ਚ ਲੋਕਤੰਤਰ ਨੂੰ ਬਚਾਉਣ ਦੇ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿਹਾ ਕਿ ਜੇਕਰ ਅਸੀਂ ਹੁਣ ਸੋਚ ਕੇ ਫੈਸਲਾ ਨਾ ਲਿਆ ਤਾਂ ਸਾਨੂੰ ਸਾਰੀ ਉਮਰ ਪੁਛਤਾਉਣਾ ਪਏਗਾ। ਇਸ ਮੌਕੇ ਹਲਕੇ ਦੇ ਵੱਡੇ ਕਾਂਗਰਸੀ ਆਗੂ ਤੇ ਭਾਰੀ ਗਿਣਤੀ ਵਿਚ ਵਰਕਰ ਵੀ ਮੌਜੂਦ ਰਹੇ।