ਜੇ ਮਾਲੇਰਕੋਟਲਾ ਤੋਂ ਜਿਤਾ ਕੇ ਭੇਜੋਗੇ ਤਾਂ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੁਆਵਾਂਗਾ : ਇਕਬਾਲ ਸਿੰਘ ਝੂੰਦਾਂ
- ਕਿਹਾ, ਜਜ਼ਾਬਤੀ ਹੋ ਕੇ ਵੋਟ ਪਾਉਣ ਦੀ ਬਜਾਏ ਸਮਝਦਾਰੀ ਨਾਲ ਉਮੀਦਵਾਰ ਚੁਣੋ
- ਅਕਾਲੀ ਉਮੀਦਵਾਰ ਨੂੰ ਸਬਜ਼ੀ ਮੰਡੀ ਵਿਚ ਲੁੱਡੂਆਂ ਨਾਲ ਤੋਲਿਆ, ਭਰਵਾਂ ਸੁਆਗਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 20 ਮਈ 2024 - ਅੱਜ ਇਥੇ ਸ਼ੋ੍ਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸ. ਇਕਬਾਲ ਸਿੰਘ ਝੂੰਦਾਂ ਨੂੰ ਸਥਾਨਕ ਸਬਜ਼ੀ ਮੰਡੀ ਵਿਚ ਆੜ੍ਹਤੀਆਂ ਵਲੋਂ ਲੱਡੂਆਂ ਨਾਲ ਤੋਲਿਆ ਗਿਆ। ਚੇਤੇ ਰਹੇ ਕਿ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਸਿਆਸਤ ਦਾ ਗੜ੍ਹ ਮੰਨੀ ਜਾਂਦੀ ਹੈ ਅਤੇ ਇਥੋਂ ਹੀ ਕਿਸੇ ਉਮੀਦਵਾਰ ਦੀ ਜਿੱਤ ਅਤੇ ਹਾਰ ਦਾ ਫ਼ੈਸਲਾ ਹੁੰਦਾ ਹੈ। ਹਲਕੇ ਅਤੇ ਮੰਡੀ ਦੀਆਂ ਸਿਰਕੱਢ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਸ. ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਜੇ ਮਾਲੇਰਕੋਟਲੇ ਦੇ ਲੋਕ ਉਨ੍ਹਾਂ ਨੂੰ ਜੇਤੂ ਬਣਾ ਕੇ ਸੰਸਦ ਵਿਚ ਭੇਜਦੇ ਹਨ ਤਾਂ ਉਹ ਇਸ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦੁਆਉਣ ਲਈ ਸੰਸਦ ਵਿਚ ਮੁੱਦਾ ਚੁੱਕਣਗੇ ਅਤੇ ਹਰ ਹਾਲ ਵਿਚ ਵਿਰਾਸਤੀ ਸ਼ਹਿਰ ਦਾ ਰੁਤਬਾ ਦੁਆ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿਚ ਭੜਕਾਊ ਬਿਆਨਬਾਜ਼ੀ ਕਰਕੇ ਮੁਸਲਮਾਨਾਂ ਨੂੰ ਜਜ਼ਬਾਤੀ ਕੀਤਾ ਜਾਂਦਾ ਹੈ ਅਤੇ ਵੋਟਾਂ ਲੈ ਕੇ ਲੀਡਰ ਗ਼ਾਇਬ ਹੋ ਜਾਂਦੇ ਹਨ। ਸ. ਝੂੰਦਾਂ ਨੇ ਕਿਹਾ ਕਿ ਉਹ ਇਸੇ ਹਲਕੇ ਦੇ ਜੰਮਪਲ ਹਨ ਜਦਕਿ ਬਾਕੀ ਉਮੀਦਵਾਰ ਕੋਈ 200 ਕਿਲੋਮੀਟਰ ਤੋਂ ਆਇਆ ਹੈ ਅਤੇ ਕੋਈ 100 ਕਿਲੋਮੀਟਰ ਤੋਂ ਚੱਲ ਕੇ ਸੰਗਰੂਰ ਵੋਟਾਂ ਦੀ ਰਾਜਨੀਤੀ ਕਰਨ ਲਈ ਪੁੱਜਾ ਹੈ।
ਝੂੰਦਾਂ ਨੇ ਕਿਹਾ ਕਿ ਉਨ੍ਹਾਂ ਦਾ ਜਿਊਣਾ ਮਰਨਾ ਇਸੇ ਹਲਕੇ ਨਾਲ ਜੁੜਿਆ ਹੋਇਆ ਅਤੇ ਰੋਜ਼ਾਨਾ ਹੀ ਕਚਹਿਰੀ ਆਉਣਾ ਜਾਣਾ ਪੈਂਦਾ ਹੈ। ਇਸ ਲਈ ਉਹ ਇਸ ਹਲਕੇ ਲਈ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੀ ਵਿਵਸਥਾ ਕਰਨਗੇ ਅਤੇ ਇਸ ਹਲਕੇ ਵਿਚ ਰਹਿੰਦੇ ਬਹੁਗਿਣਤੀ ਮੁਸਲਮਾਨਾਂ ਦੇ ਮਸਲਿਆਂ ਨੂੰ ਸੰਸਦ ਵਿਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਮੁਸਲਮਾਨਾਂ ਨੂੰ ਦਿਤੀ ਜਾਣ ਹੱਜ ਸਬਸਿਡੀ ਜਿਸ ਨੂੰ ਮੋਦੀ ਸਰਕਾਰ ਨੇ ਬੰਦ ਕਰ ਦਿਤਾ ਹੈ, ਨੂੰ ਬਹਾਲ ਕਰਾਇਆ ਜਾਵੇਗਾ ਅਤੇ ਹਾਜੀਆਂ ਲਈ ਚੰਡੀਗੜ੍ਹ ਤੋਂ ਵਿ਼ਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਕਿ ਹਾਜੀਆਂ ਨੂੰ ਦਿੱਲੀ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਹਲਕੇ ਲਈ ਕੁੱਝ ਨਹੀਂ ਕੀਤਾ, ਭੜਕਾਊ ਨਾਹਰੇਬਾਜ਼ੀ ਤੇ ਬਿਆਨਬਾਜ਼ੀ ਕਰਕੇ ਮੁਸਲਿਮ ਭਾਈਚਾਰੇ ਦੀਆਂ ਵੋਟਾਂ ਜ਼ਰੂਰ ਲਈਆਂ ਹਨ। ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਬਾਰੇ ਸ. ਝੂਦਾਂ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਤੋਂ ਪਹਿਲਾਂ ਇਕ ਬਾਰ ਇਹ ਜ਼ਰੂਰ ਸੋਚ ਲਿਉ ਕਿ ਖਹਿਰਾ ਦੀ ਪਾਰਟੀ ਕਿਹੜੀ ਹੈ ਅਤੇ ਉਸ ਦਾ ਜੂਨ 1984 ਨਾਲ ਕੀ ਰਿਸ਼ਤਾ ਹੈ।
ਝੂੰਦਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਜਿਹੀ ਪਾਰਟੀ ਹੈ ਜਿਹੜੀ ਧਰਮ ਜਾਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੀ ਬਲਕਿ ਸਰਬੱਤ ਦੇ ਭਲੇ ਦੇ ਸਿੱਧਾਂਤ ਉਤੇ ਚਲਦਿਆਂ ਸਾਰੇ ਲੋਕਾਂ ਦੇ ਅਧਿਕਾਰਾਂ ਉਤੇ ਪਹਿਰਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਕੰਮ ਦੇ ਅਧਾਰ ਤੇ ਲੀਡਰ ਦੀ ਚੋਣ ਕਰਨ ਅਤੇ ਉਨ੍ਹਾਂ ਦਾ ਵਿਧਾਇਕ ਵਜੋਂ 10 ਸਾਲ ਦਾ ਕਾਰਜ ਦੱਸਦਾ ਹੈ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਅਮਰਗੜ੍ਹ ਵਿਚ ਪੈਂਦੇ ਮੁਸਲਿਮ ਅਬਾਦੀ ਵਾਲੇ ਪਿੰਡਾਂ ਲਈ ਕਿੰਨਾ ਕੰਮ ਕੀਤਾ ਹੈ। ਇਕੱਠ ਵਿਚ ਮੌਜੂਦ ਅਮਰਗੜ੍ਹ ਦੇ ਇਕ ਨੌਜੁਆਨ ਨੇ ਅਚਾਨਕ ਪੰਡਾਲ ਵਿਚੋਂ ਉੱਠ ਕੇ ਦੱਸਿਆ ਕਿ ਸ. ਝੂੰਦਾਂ ਨੇ ਹਲਕਾ ਅਮਰਗੜ੍ਹ ਵਿਚ ਪੈਂਦੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦਿਤੀ ਹੈ। ਸ. ਝੂੰਦਾਂ ਇਕ ਇਮਾਨਦਾਰ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਵਾਲੇ ਨੇਤਾ ਹਨ। ਕੋਈ ਝੂਠਾ ਵਾਅਦਾ ਨਹੀਂ ਕਰਦੇ ਅਤੇ ਨਾ ਹੀ ਲਾਰੇ ਲਗਾਉਂਦੇ ਹਨ ਬਲਕਿ ਕਹਿਣੀ ਅਤੇ ਕਰਨੀ ਦੇ ਧਨੀ ਹਨ। ਸਾਨੂੰ ਸਭ ਨੂੰ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ, ਜਥੇਦਾਰ ਹਰਦੇਵ ਸਿੰਘ ਸਹੇਕੇ, ਸੀਨੀਅਰ ਨੇਤਾ ਮੁਹੰਮਦ ਸਫ਼ੀਕ ਚੌਹਾਨ ਅਤੇ ਮੁਹੰਮਦ ਜਮੀਲ ਕਾਨੂੰਗੋ ਨੇ ਵੀ ਅਪਣੇ ਵਿਚਾਰ ਪੇਸ਼ ਕਰਦਿਆਂ ਹਲਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਤੋਂ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਇਕਬਾਲ ਸਿੰਘ ਝੂੰਦਾਂ ਨੂੰ ਵੋਟਾਂ ਪਾਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਖ਼ੁਸ਼ੀ ਮੁਹੰਮਦ ਪੋਪਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਸ਼ਹਿਰੀ ਸਰਕਲ ਪ੍ਰਧਾਨ ਮੁਹੰਮਦ ਇਕਬਾਲ ਬਾਲਾ, ਜਥੇਦਾਰ ਦਰਸ਼ਨ ਸਿੰਘ ਝਨੇਰ, ਜਥੇਦਾਰ ਪਰਮਜੀਤ ਸਿੰਘ ਮਦੇਵੀ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਉਦਯੋਗਪਤੀ ਮੁਹੰਮਦ ਮਹਿਮੂਦ ਗੋਲਡਨ, ਸੁਖਵਿੰਦਰ ਸਿੰਘ ਨੰਬਰਦਾਰ, ਕਮਲਜੀਤ ਸਿੰਘ ਮਦੇਵੀ, ਮੁਹੰਮਦ ਅਸਲਮ ਰਾਜਾ ਅਤੇ ਮੁਹੰਮਦ ਸ਼ਮਸ਼ਾਦ ਬਾਬਾ ਕਿਲ੍ਹਾ ਰਹਿਮਤਗੜ੍ਹ ਸਮੇਤ ਅਨੇਕਾਂ ਅਕਾਲੀ ਵਰਕਰ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ।