ਡਾ: ਗਾਂਧੀ ਦੇ ਹੱਕ ਵਿੱਚ ਲੋਕ ਲਹਿਰ ਜ਼ੋਰ ਫੜਨ ਲੱਗੀ:- ਦੀਪਇੰਦਰ ਢਿੱਲੋਂ
ਡੇਰਾਬੱਸੀ, 15 ਮਈ 2024 - ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਅੱਜ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਡੇਰਾਬੱਸੀ ਦੇ ਪਿੰਡ ਫਤਿਹਪੁਰ, ਬੇਹੜਾ, ਰਾਮਪੁਰ ਸੈਣੀਆਂ, ਭਗਵਾਨਪੁਰ, ਕੂੜਾ ਵਾਲਾ, ਖੇੜੀ ਗੁੱਜਰਾਂ ਸਮੇਤ ਕਈ ਕਲੋਨੀਆਂ ਦਾ ਦੌਰਾ ਕੀਤਾ। ਇਸ ਮੌਕੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਕਿਹਾ ਕਿ ਦੇਸ਼ ਵਿੱਚ ਅਗਲੀ ਸਰਕਾਰ ਇੰਡੀਆ ਗੱਠਜੋੜ ਦੀ ਬਣ ਰਹੀ ਹੈ ਅਤੇ ਕਾਂਗਰਸ ਪੰਜਾਬ ਚੋਂ 13 ਦੀਆਂ 13 ਸੀਟਾਂ ਉੱਤੇ ਜਿੱਤ ਹਾਸਲ ਕਰ ਰਹੀ ਹੈ। ਉਹਨਾਂ ਕਿਹਾ ਕਿ ਡਾ. ਧਰਮਵੀਰ ਗਾਂਧੀ ਇਮਾਨਦਾਰ ਲੋਕ ਸੇਵਕ ਹਨ ਅਤੇ ਸਾਫ਼ ਸੁਥਰੀ ਸਿਆਸਤ ਹੀ ਉਹਨਾਂ ਦਾ ਸਿਆਸੀ ਮਾਡਲ ਹੈ। ਉਹਨਾਂ ਕਿਹਾ ਕਿ ਚੋਣ ਜਿੱਤਣ ਬਾਅਦ ਐੱਮ ਪੀ ਫੰਡ ਦਾ ਪੈਸਾ ਹਲਕਾ ਡੇਰਾਬੱਸੀ ਦੇ ਵਿਕਾਸ ਕੰਮਾਂ ਤੇ ਵੱਧ ਤੋਂ ਵੱਧ ਲਾਇਆ ਜਾਵੇਗਾ।
ਉਹਨਾਂ ਕਿਹਾ ਕਿ ਇਮਾਨਦਾਰ ਸਿਆਸਤ ਦਾ ਦਾਅਵਾ ਕਰਦੀ ਆਪ ਪਾਰਟੀ ਦੇ ਬਹੁਤ ਸਾਰੇ ਆਗੂ ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸ ਰਹੇ ਹਨ ਅਤੇ ਇਸ਼ਤਿਹਾਰਬਾਜ਼ੀ ਤੇ ਵੀ.ਵੀ.ਆਈ.ਪੀ. ਕਲਚਰ ਰਾਹੀਂ ਮੌਜੂਦਾ ਸਰਕਾਰ ਪੰਜਾਬ ਦੇ ਖਜ਼ਾਨੇ ਦਾ ਹਜ਼ਾਰਾਂ ਕਰੋੜਾਂ ਰੁਪਇਆ ਬਰਬਾਦ ਕਰ ਰਹੀ ਹੈ। ਢਿਲੋਂ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ 10 ਸਾਲਾਂ ਵਿੱਚ ਆਰਥਿਕ ਪਾੜਾ ਸਿਖਰਾਂ ਛੂਹ ਗਿਆ ਹੈ। ਗਰੀਬ ਹੋਰ ਗਰੀਬ ਹੋਏ ਹਨ ਅਤੇ ਮੋਦੀ ਸਰਕਾਰ ਦੇ ਅੰਬਾਨੀ, ਅਡਾਨੀ ਵਰਗੇ ਮਿੱਤਰਾਂ ਨੇ ਦੌਲਤਾਂ ਦੇ ਅੰਬਾਰ ਲਗਾ ਲਏ ਹਨ। ਇਹ ਗੈਰ ਬਰਾਬਰੀ ਬਰਦਾਸ਼ਤ ਤੋਂ ਬਾਹਰ ਹੈ।
ਉਹਨਾਂ ਕਿਹਾ ਕਿ ਗਰੀਬ ਅਤੇ ਮੱਧ ਵਰਗੀ ਲੋਕਾਂ ਦੀ ਜੇਬ ਖਾਲੀ ਕਰਨ ਵਾਲੀ ਕੇਂਦਰ ਸਰਕਾਰ ਨੂੰ ਉਖਾੜ ਕੇ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਇੰਡੀਆ ਗਠਜੋੜ ਦੀ ਸਰਕਾਰ ਬਣਾਉਣਾ ਅੱਜ ਮੁੱਖ ਲੋੜ ਹੈ। ਇਸ ਮੌਕੇ ਰਵਿੰਦਰ ਸਿੰਘ ਰਵੀ, ਧਨੀ ਪਾਲ ,ਗੁਰਮੇਲ ਸਿੰਘ ,ਸਤਨਾਮ ਸਿੰਘ ਪ੍ਰਧਾਨ ਐੱਸ ਸੀ ਸਰਕਲ,ਗੁਲਾਬ ਸਿੰਘ ,ਗੁਰਪ੍ਰੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ ,ਸਤਵਿੰਦਰ ਸਿੰਘ ,ਜਗਦੀਸ ਸਿੰਘ ਪੰਚ,ਹਰਭਜਨ ਸਿੰਘ ,ਕਰਨੈਲ ਸਿੰਘ,ਜਗਦੀਸ਼ ਸਿੰਘ,ਬਲਜੀਤ ਸਿੰਘ ਪੰਚ , ਸਵਰਨ ਸਿੰਘ ,ਹਰਨਾਮ ਸਿੰਘ ,ਗੁਰਵਿੰਦਰ ਸਿੰਘ, ਹਰਦੀਪ ਸਿੰਘ ਸਰਪੰਚ,ਜੈਮਲ ਸਿੰਘ,ਵਰਿੰਦਰ ਸਿੰਘ ਸਰਪੰਚ, ਜਗਦੀਸ਼ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ।