ਤਿਵਾੜੀ ਨੇ ਟੰਡਨ ਨੂੰ ਖੁਦ ਉਨ੍ਹਾਂ ਦੀ ਪਸੰਦ ਦੇ ਸਮੇਂ ਅਤੇ ਸਥਾਨ 'ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ
ਚੰਡੀਗੜ੍ਹ, 30 ਅਪ੍ਰੈਲ 2024: ਚੰਡੀਗੜ੍ਹ ਸੰਸਦੀ ਹਲਕੇ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੇ ਟੰਡਨ ਨੂੰ ਵੱਖ-ਵੱਖ ਮੁੱਦਿਆਂ 'ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ, ਤਾਂ ਜੋ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕ ਖੁਦ ਫੈਸਲਾ ਕਰ ਸਕਣ ਕਿ ਪਾਰਲੀਮੈਂਟ ਚ ਉਹਨਾਂ ਦੀ ਨੁਮਾਇੰਦਗੀ ਕਰਨ ਲਈ ਕੌਣ ਬਿਹਤਰ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਸੰਜੇ ਟੰਡਨ ਨੂੰ ਖੁਦ ਉਨ੍ਹਾਂ ਦੀ ਪਸੰਦ ਦੇ ਸਮੇਂ ਅਤੇ ਸਥਾਨ 'ਤੇ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹਨ। ਜਿਸ ਲਈ ਕੋਈ ਵੀ ਨਿਰਪੱਖ ਨਾਗਰਿਕ ਮੰਚ, ਮੀਡੀਆ ਹਾਊਸ, ਟੀਵੀ ਚੈਨਲ ਜਾਂ ਵਿਦਿਅਕ ਅਦਾਰਾ ਬਹਿਸ ਦੀ ਮੇਜ਼ਬਾਨੀ ਕਰ ਸਕਦਾ ਹੈ।
ਤਿਵਾੜੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਤੈਅ ਕਰਨ ਦਿਓ ਕਿ ਸੰਸਦ 'ਚ ਉਨ੍ਹਾਂ ਦੀ ਨੁਮਾਇੰਦਗੀ ਕੌਣ ਕਰੇਗਾ। ਜਿਸ ਲਈ ਉਹ ਟੰਡਨ ਦੇ ਜਵਾਬ ਅਤੇ ਪ੍ਰਤੀਕਿਰਿਆ ਦਾ ਇੰਤਜ਼ਾਰ ਕਰਨਗੇ।
ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਜਪਾ ਨੇ ਪਿਛਲੇ ਦਸ ਸਾਲਾਂ ਵਿੱਚ ਸ਼ਹਿਰ ਲਈ ਕੁਝ ਨਹੀਂ ਕੀਤਾ ਹੈ। ਇਸ ਲਈ ਉਹ ਉਨ੍ਹਾਂ 'ਤੇ ਅਤੇ ਉਸਦੀ ਪਾਰਟੀ 'ਤੇ ਅਸਪਸ਼ਟ ਅਤੇ ਬੇਬੁਨਿਆਦ ਦੋਸ਼ ਲਗਾ ਰਹੀ ਹੈ। ਅਜਿਹੇ 'ਚ ਬਿਹਤਰ ਹੋਵੇਗਾ ਜੇਕਰ ਅਸੀਂ ਆਹਮੋ-ਸਾਹਮਣੇ ਆ ਕੇ ਬਹਿਸ ਅਤੇ ਚਰਚਾ ਕਰੀਏ। ਜਦਕਿ ਬਾਕੀ ਦਾ ਫੈਸਲਾ ਜਨਤਾ ਨੂੰ ਕਰਨ ਦਿਓ।