ਲੋਕੇਸ਼ ਰਿਸ਼ੀ
ਗੁਰਦਾਸਪੁਰ, 16 ਅਕਤੂਬਰ 2019- ਕਰਤਾਰਪੁਰ ਕਾਰੀਡੋਰ ਨਿਰਮਾਣ ਨੂੰ ਲੈ ਕੇ ਲੈਂਡ ਪੋਰਟ ਅਥਾਰਿਟੀ ਆਫ਼਼ ਇੰਡੀਆ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਇੱਕ ਵਿਸ਼ੇਸ਼ ਪੱਤਰਕਾਰ ਵਾਰਤਾ ਕੀਤੀ ਗਈ। ਜਿਸ ਵਿੱਚ ਨਿਰਮਾਣ ਕੰਪਨੀ ਦੇ ਨਾਲ ਨਾਲ ਨੈਸ਼ਨਲ ਹਾਵੇ ਅਥਾਰਿਟੀ ਆਫ਼ ਇੰਡੀਆ ਅਤੇ ਬੀ.ਐੱਸ.ਐਫ ਦੇ ਨੁਮਾਇੰਦੇ ਵੀ ਮੌਜੂਦ ਰਹੇ। ਇਸ ਮੀਟਿੰਗ ਦੌਰਾਨ ਜਿੱਥੇ ਐਲ.ਪੀ.ਏ ਦੇ ਚੇਅਰਮੈਨ ਗੋਬਿੰਦ ਮੋਹਨ ਨੇ ਕਾਰੀਡੋਰ ਸਬੰਧੀ ਬਣਾਏ ਗਏ ਯਾਤਰੀ ਟਰਮੀਨਲ ਸਬੰਧੀ ਜਾਣਕਾਰੀ ਦਿੱਤੀ। ਉੱਥੇ ਹੀ ਪੂਰੇ ਪੰਜਾਬ ਸਮੇਤ ਦਿੱਲੀ ਤੋਂ ਆਏ ਵੱਖ ਵੱਖ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਤੋਂ ਪਹਿਲਾਂ ਸਰਕਾਰੀ ਨੁਮਾਇੰਦਿਆਂ ਵੱਲੋਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਪੂਰੇ ਟਰਮੀਨਲ ਦਾ ਦੌਰਾ ਵੀ ਕਰਵਾਇਆ ਗਿਆ।
ਚੇਅਰਮੈਨ ਗੋਬਿੰਦ ਮੋਹਨ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਲੈ ਕੇ ਭਾਰਤ ਵਾਲੇ ਪਾਸੇ ਬਣਾਏ ਗਏ ਟਰਮੀਨਲ ਦੀ ਉਸਾਰੀ ਨੂੰ ਇੱਕ ਉਪਲਬਧੀ ਹੀ ਕਿਹਾ ਜਾ ਸਕਦਾ ਹੈ। ਕਿਉਂ ਕਿ ਅਜਿਹੇ ਵੱਡੇ ਨਿਰਮਾਣ ਨੂੰ ਸਾਲਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਪਰ ਭਾਰਤ ਸਰਕਾਰ ਵੱਲੋਂ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਟਰਮੀਨਲ ਨੂੰ 3 ਮਹੀਨਿਆਂ ਜਿਹੇ ਥੋੜ੍ਹੇ ਸਮੇਂ ਦੌਰਾਨ ਹੀ ਤਿਆਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸੇ ਕਾਰੀਡੋਰ ਦਾ ਨਿਰਮਾਣ 90 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ ਅਤੇ ਆਉਂਦੇ 10 ਤੋਂ 15 ਦਿਨਾਂ ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਇਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਚੇਅਰਮੈਨ ਗੋਬਿੰਦ ਮੋਹਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਹੁਣ ਤੱਕ ਇੱਕ ਦਿਨ ਵਿੱਚ 5 ਹਜ਼ਾਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜੇ ਜਾਣ ਦਾ ਪ੍ਰਸਤਾਵ ਹੈ ਅਤੇ ਦਰਸ਼ਨਾਂ ਲਈ ਜਾਣ ਵਾਲੇ ਇਨ੍ਹਾਂ ਸ਼ਰਧਾਲੂਆਂ ਨੂੰ ਉਸੇ ਦਿਨ ਹੀ ਮੁੜ ਕੇ ਵਾਪਸ ਆਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇੱਕੋ ਦਿਨ ਜਾਣ ਵਾਲੇ ਇਹ ਸਾਰੇ ਸ਼ਰਧਾਲੂ ਵੱਖ ਵੱਖ ਜਥਿਆਂ ਵਿੱਚ ਦਰਸ਼ਨਾਂ ਲਈ ਰਵਾਨਾ ਕੀਤੇ ਜਾਣਗੇ ਅਤੇ ਜਥਿਆਂ ਦੀ ਗਿਣਤੀ ਲੋੜ ਮੁਤਾਬਿਕ ਵਧਾਈ ਘਟਾਈ ਜਾ ਸਕੇਗੀ, ਪਰ ਇੱਕ ਦਿਨ ਵਿੱਚ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 5 ਹਜ਼ਾਰ ਤੱਕ ਕੀ ਰਹੇਗੀ।
ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਆਪਣੇ ਪਾਸੇ ਦੇ ਨਿਰਮਾਣ ਵਿੱਚ ਓਵਰ ਬਰਿੱਜ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ, ਪਰ ਪਾਕਿਸਤਾਨ ਵੱਲੋਂ ਆਪਣੇ ਹਿੱਸੇ ਦਾ ਪੁਲ ਹੱਲੇ ਤੱਕ ਨਹੀਂ ਉਸਾਰਿਆ ਗਿਆ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵੱਲੋਂ ਇੱਕ ਵਿਸ਼ੇਸ਼ ਸੜਕ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਜਿੱਥੋਂ ਹੁੰਦੇ ਹੋਏ ਸ਼ਰਧਾਲੂ ਭਾਰਤ ਵਾਲੇ ਪਾਸਿਉਂ ਪੈਦਲ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ ਅਤੇ ਜਦੋਂ ਪਾਕਿਸਤਾਨ ਵੱਲੋਂ ਆਪਣੇ ਹਿੱਸੇ ਦਾ ਪੁਲ ਤਿਆਰ ਕਰ ਲਿਆ ਜਾਵੇਗਾ, ਤਾਂ ਇਸ ਸੜਕ ਨੂੰ ਬੰਦ ਕਰਦਿਆਂ ਜਥਿਆਂ ਨੂੰ ਪੁਲ ਦੇ ਉੱਪਰੋਂ ਦੀ ਭੇਜਣਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਲਾਂ ਕਿ ਇਹ ਵਿਸ਼ੇਸ਼ ਰੋਡ ਕਿਸੇ ਵੀ ਸੰਭਾਵਿਤ ਖ਼ਤਰੇ ਤੋਂ ਰਹਿਤ ਹੋਵੇਗਾ, ਪਰ ਫਿਰ ਵੀ ਇਸ ਰਸਤੇ ਦਾ ਨਿਰਮਾਣ ਅਜਿਹੇ ਤਰੀਕੇ ਨਾਲ ਕੀਤਾ ਗਿਆ ਹੈ ਕਿ ਹੜ੍ਹ ਜਾਂ ਰਾਵੀ ਦਰਿਆ ਵਿੱਚ ਪਾਣੀ ਦੀ ਮਾਤਰਾ ਵਧਣ ਜਿਹੀ ਸਥਿਤੀ ਵਿੱਚ ਪਾਣੀ ਇਸ ਸੜਕ ਦੇ ਥੱਲਿਓਂ ਦੀ ਲੰਘਦਾ ਜਾਵੇਗਾ।
ਇਸ ਦੇ ਨਾਲ ਹੀ ਚੇਅਰਮੈਨ ਗੋਬਿੰਦ ਮੋਹਨ ਨੇ ਦੱਸਿਆ ਕਿ ਦਰਸ਼ਨਾਂ ਲਈ ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਆਨਲਾਈਨ ਅਰਜ਼ੀ ਰਾਹੀਂ ਬੇਨਤੀ ਕਰਨੀ ਪਵੇਗੀ ਅਤੇ ਇਸ ਸਬੰਧੀ 21 ਅਕਤੂਬਰ ਤੱਕ ਪੋਟਰਲ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਾਲੇ ਪਾਸਿਉਂ ਜਾਣ ਵਾਲੇ ਸ਼ਰਧਾਲੂ ਜਿੱਦਾਂ ਹੀ ਪਾਕਿਸਤਾਨ ਦੇ ਅਧਿਕਾਰ ਖੇਤਰ ਵਾਲੇ ਇਲਾਕੇ ਵਿੱਚ ਦਾਖਲ ਹੋਣਗੇ ਉਸ ਦੇ ਨਾਲ ਹੀ ਉਨ੍ਹਾਂ ਸ਼ਰਧਾਲੂਆਂ ਦੀ ਪੂਰੀ ਸੁਰੱਖਿਆ ਪਾਕਿਸਤਾਨ ਦੇ ਜ਼ਿੰਮੇ ਹੋਵੇਗੀ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕਾਰੀਡੋਰ ਨੇੜੇ ਇੱਕ ਮਿਊਜ਼ੀਅਮ ਅਤੇ ਵਾਚ ਟਾਵਰ ਦੀ ਉਸਾਰੀ ਵੀ ਕੀਤੀ ਜਾਣੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਨਿਰਮਾਣ ਕਾਰਜ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ।