ਜੀ ਐੱਸ ਪੰਨੂ
ਪਟਿਆਲਾ, 2 ਨਵੰਬਰ 2019 - ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਅਤੇ ਜ਼ਿਲ੍ਹਾ ਪਟਿਆਲਾ ਅਕਾਲੀ ਦਲ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਪਾਕਿਸਤਾਨ ਵੱਲੋਂ ਦੋ ਦਿਨਾਂ ਲਈ 20 ਡਾਲਰ ਮੁਆਫ਼ ਕੀਤੀ ਗਈ ਫ਼ੀਸ ਸ਼ਲਾਘਾਯੋਗ ਹੈ ਪਰ ਦਰਸ਼ਨਾਂ ਲਈ ਜਾਣ ਵਾਲੀ ਸਮੁੱਚੀ ਸੰਗਤ ਦੀ ਫ਼ੀਸ ਸਰਕਾਰ ਵੱਲੋਂ ਸਦਾ ਲਈ ਮੁਆਫ਼ ਕੀਤੀ ਜਾਣੀ ਚਾਹੀਦੀ ਹੈ।
ਸੁਰਜੀਤ ਰੱਖੜਾ ਅੱਜ ਇੱਥੇ ਭਾਸ਼ੀ ਮੈਡੀਕਲ ਏਜੰਸੀ ਸਰਦਾਰ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਸਨਮਾਨ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਸਾਬਕਾ ਚੇਅਰਮੈਨ, ਕੁਲਵਿੰਦਰ ਸਿੰਘ ਵਿਕੀ ਰਿਵਾਜ ਸੀਨੀਅਰ ਅਕਾਲੀ ਨੇਤਾ, ਸੋਨੂੰ ਭਾਸ਼ੀਨ, ਰਿੰਕੂ ਭਾਸ਼ੀਨ, ਮਨਦੀਪ ਸਿੰਘ ਰਾਜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸੁਰਜੀਤ ਰੱਖੜਾ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਕਾਰੀਡੋਰ ਲਈ ਬਹੁਤ ਤੇਜ਼ੀ ਦਿਖਾ ਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਨ ਜਿਸ ਨੇ ਪੂਰੀ ਤੇਜ਼ੀ ਨਾਲ ਆਪਣੇ ਹਿੱਸੇ ਦਾ ਕਾਰੀਡੋਰ ਬਣਵਾਇਆ ਹੈ। ਉਨ੍ਹਾਂ ਆਖਿਆ ਕਿ ਸਿੱਖ ਸੰਗਤ ਦੀ ਅਰਦਾਸ ਲੰਮੇ ਸਮੇਂ ਤੋਂ ਪੂਰੀ ਹੋਈ ਹੈ ਅਤੇ ਸਮੁੱਚੇ ਸੰਸਾਰ 'ਚ ਵੱਸਦੇ ਹਰ ਧਰਮ ਦੇ ਲੋਕਾਂ ਨੂੰ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਹਨ।
ਰੱਖੜਾ ਨੇ ਆਖਿਆ ਕਿ ਭਾਵੇਂ ਪੰਜਾਬ ਸਰਕਾਰ ਆਪਣੇ ਦਮਗਜੇ ਮਾਰ ਰਹੀ ਹੈ ਜਦੋਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੋਈ ਹੈ। ਉਨ੍ਹਾਂ ਆਖਿਆ ਕਿ ਜੇਕਰ ਅਮਰਿੰਦਰ ਆਪਣੇ ਆਪ ਨੂੰ ਸੱਚਾ ਸਿੱਖ ਅਖਵਾਉਂਦਾ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰੇ ਅਤੇ ਐੱਸ.ਜੀ.ਪੀ.ਸੀ ਵੱਲੋਂ ਲਗਾਈ ਸਟੇਜ ਜਿਸ 'ਤੇ ਪ੍ਰਧਾਨ ਮੰਤਰੀ ਆ ਰਹੇ ਹਨ, ਆ ਕੇ ਗੁਰਪੁਰਬ ਮਨਾਏ। ਉਨ੍ਹਾਂ ਆਖਿਆ ਕਿ ਜਾਣਬੁੱਝ ਕੇ ਸਰਕਾਰ ਇਕ ਗੁਰਪੁਰਬ ਦੇ ਸਮਾਗਮਾਂ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ।