ਪੰਜਾਬ ਸਰਕਾਰ ਦੀਆਂ ਪਾਬੰਦੀਆਂ ਖਿਲਾਫ ਬਾਗੀ ਹੋਣ ਲੱਗੇ ਵਪਾਰੀ
ਅਸ਼ੋਕ ਵਰਮਾ
ਬਠਿੰਡਾ,4 ਮਈ 2021: ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਲੈਕੇ 15 ਮਈ ਤੱਕ ਲਾਏ ਮਿੰਨੀ ਲਾਕਡਾਊਨ ਦੇ ਮੱਦੇਨਜ਼ਰ ਗੈਰ ਜਰੂਰੀ ਵਸੂਤਾਂ ਵਾਲੀਆਂ ਦੁਕਾਨਾਂ ਬੰਦ ਰੱਖਣ ਦੇ ਦਿੱਤੇ ਹੁਕਮਾਂ ਖਿਲਾਫ ਦੁਕਾਨਦਾਰ ਸੜਕਾਂ ਤੇ ਉੱਤਰਨੇ ਸ਼ੁਰੂ ਹੋ ਗਏ ਹਨ। ਵੱਡੀ ਗੱਲ ਹੈ ਕਿ ਆਮ ਲੋਕਾਂ ਨੇ ਪੁਲਿਸ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਸਰਕਾਰ ਵੱਲੋਂ ਦਿੱਤੀ ਪ੍ਰਵਾਨਗੀ ਅਨੁਸਾਰ ਕੁੱਝ ਦੁਕਾਨਾ ਖੁੱਲ੍ਹੀਆਂ ਹੋਈਆਂ ਸਨ ਜਦੋਂ ਕਿ ਕਈ ਦੁਕਾਨਦਾਰ ਆਰਥਿਕ ਮਜਬੂਰੀਆਂ ਨੂੰ ਦੇਖਦਿਆਂ ਸ਼ਟਰ ਚੁੱਕ ਕੇ ਸਮਾਨ ਵੇਚ ਰਹੇ ਸਨ। ਇਸ ਮਾਮਲੇ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਪੁੱਜੀ ਪੁਲਿਸ ਅਤੇ ਦੁਕਾਨਦਾਰਾਂ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਮੌਕੇ ਤੇ ਪੁੱਜੇ ਦੋ ਅੰਮ੍ਰਿਤਧਾਰੀਆਂ ਚੋਂ ਇੱਕ ਨੇ ਪੁਲਿਸ ਦਾ ਵਿਰੋਧ ਕਰ ਦਿੱਤਾ ਜਿਸ ਤੋਂ ਬਾਅਦ ਮਹੌਲ ਗਰਮਾ ਗਿਆ।
ਇਸ ਵਿਅਕਤੀ ਦੇ ਸਾਥੀ ਨੇ ਪੁਲਿਸ ਤੇ ਦੋਸ਼ ਲਾਏ ਕਿ ਪੁਲਿਸ ਦੇ ਇੱਕ ਇੰਸਪੈਕਟਰ ਨੇ ਅੰਮ੍ਰਿਤਧਾਰੀ ਵਿਅਕਤੀ ਨੂੰ ਧੱਕੇ ਮਾਰੇ ਹਨ ਅਤੇ ਹਿਰਾਸਤ ’ਚ ਲੈਕੇ ਉਸ ਨੂੰ ਅਧਿਕਾਰੀ ਨਾਲ ਲੈ ਗਏ ਹਨ। ਓਧਰ ਦੁਕਾਨਦਾਰਾਂ ਨੇ ਆਪਣੇ ਦੁੱਖੜੇ ਰੋਂਦਿਆਂ ਕਿਹਾ ਕਿ ਸਰਕਾਰ ਦੀਆਂ ਬੱਸਾਂ ਚੱਲ ਰਹੀਆਂ ਅਤੇ ਠੇਕੇ ਖੁੱਲ੍ਹੇ ਹਨ ਪਰ ਉਨ੍ਹਾਂ ਦੀ ਰੋਜੀ ਰੋਟੀ ਤੇ ਲੱਤ ਮਾਰ ਦਿੱਤੀ ਗਈ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਗੈਰ-ਜਰੂੁਰੀ ਦੁਕਾਨਾਂ ਬੰਦ ਰੱਖਣ ਦੇ ਹੁਕਮ ਵਪਾਰ ਮਾਰੂ ਹਨ ਕਿਉਂਕਿ ਉਨ੍ਹਾਂ ਨੂੰ ਦੁਕਾਨਾਂ ਦਾ ਕਿਰਾਇਆ ,ਮੁਲਾਜਮਾਂ ਦਾ ਖਰਚਾ ਅਤੇ ਬਿਜਲੀ ਦੇ ਬਿੱਲ ਜਿੳਂ ਦੇ ਤਿੳਂ ਆ ਰਹੇ ਹਨ ਪਰ ਆਮਦਨ ਨੂੰ ਵੱਡੀ ਸੱਟ ਵੱਜਣ ਲੱਗੀ ਹੈ। ਉਨ੍ਹਾਂ ਕਿਹਾ ਕਿ ਲੋਕ ਤਾਂ ਪਿਛਲੇ ਸਾਲ ਲੱਗੇ ਲਾਕਡਾਊਨ ਕਾਰਨ ਆਈ ਆਰਥਿਕ ਤੰਗੀ ਤੋਂ ਨਹੀਂ ਉੱਭਰੇ ਸਨ ਕਿ ਹੁਣ ਪੰਜਾਬ ਸਰਕਾਰ ਨੇ ਮਿੰਨੀ ਲਾਕਡਾਊਨ ਲਾਕੇ ਦੁਕਾਨਦਾਰਾਂ ਦਾ ਗਲਾ ਘੁੱਟਣ ਵਾਲਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਭਾਰੀ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਰਿਵਾਰ ਪਾਲਣੇ ਔਖੇ ਹੋ ਗਏ ਹਨ। ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰੀ ਪਾਬੰਦੀਆਂ ਦੌਰਾਨ ਗਰੀਬ ਪ੍ਰੀਵਾਰਾਂ ਨੂੰ ਸਰਕਾਰੀ ਸਹਾਇਤਾ ਮਿਲ ਜਾਂਦੀ ਹਹੈ ਪਰ ਰੋਕਾਂ ਦੀ ਸਭ ਤੋਂ ਵੱਡੀ ਮਾਰ ਮੱਧ ਵਰਗ ’ਤੇ ਪੈ ਰਹੀ ਹੈ। ਉਨ੍ਹਾਂ ਆਖਿਆ ਕਿ ਸਰਦੇ ਪੁੱਜਦੇ ਪ੍ਰੀਵਾਰਾਂ ਨੂੰ ਲਾਕਡਾਊਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਕਿ ਮੱਧ ਵਰਗੀ ਕਾਰੋਬਾਰ ਬੰਦ ਹੋਣ ਕਾਰਨ ਬੁਰੀ ਤਰਾਂ ਨਪੀੜੇ ਗਏ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਦੁਕਾਨਦਾਰਾਂ ਲਈ ਨਿਯਮ ਬਣਾਕੇ ਦੁਕਾਨਾਂ ਖੋਹਲਣ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਜਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਗੱਲ ਆਖ ਰਹੀ ਹੈ ਜਦੋਂਕਿ ਆਪਣੇ ਘਰਾਂ ਦੀ ਰੋਜੀ ਰੋਟੀ ਲਈ ਚਲਾਏ ਜਾ ਰਹੇ ਕਾਰੋਬਾਰ ਗੈਰ ਜਰੂਰੀ ਕਿਵੇਂ ਹੋ ਗਏ।