ਬਠਿੰਡਾ: ਡਿਪਟੀ ਕਮਿਸ਼ਨਰ ਨੇ ਇੰਟਰ ਸਟੇਟ ਨਾਕਿਆਂ ਦਾ ਦੌਰਾ ਕਰਕੇ ਲਿਆ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ, 4 ਮਈ2021 : ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ਼੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਬਾਹਰੀ ਲੋਕਾਂ ਦੇ ਪ੍ਰਵੇਸ਼ ’ਤੇ ਨਜ਼ਰਸਾਨੀ ਰੱਖਣ ਹਿੱਤ ਲਗਾਏ ਗਏ ਇੰਟਰ ਸਟੇਟ ਨਾਕਿਆਂ ਦਾ ਦੌਰਾ ਕਰਕੇ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨਾਕੇ ’ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਅਦੇਸ਼ ਦਿੰਦਿਆਂ ਕਿਹਾ ਕਿ ਨਾਕਿਆਂ ’ਤੇ ਪੂਰੀ ਚੌਕਸੀ ਵਰਤੀ ਜਾਵੇ ਅਤੇ ਬਿਨ੍ਹਾਂ ਨੈਗੇਟਿਵ ਰਿਪੋਰਟ ਕਿਸੇ ਵੀ ਜ਼ਿਲ੍ਹੇ ’ਤੋਂ ਬਾਹਰੀ ਵਿਅਕਤੀ ਨੂੰ ਪ੍ਰਵੇਸ਼ ਨਾ ਹੋਣ ਦਿੱਤਾ ਜਾਵੇ ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਲੱਗਦੀ ਹਰਿਆਣਾ ਸਰਹੱਦ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਵੱਖ-ਵੱਖ 10 ਇੰਟਰ ਸਟੇਟ ਨਾਕੇ ਲਗਾਏ ਗਏ ਹਨ।
ਇਨ੍ਹਾਂ ਵਿੱਚੋਂ 2 ਨਾਕੇ ਸਬ ਡਵੀਜ਼ਨ ਬਠਿੰਡਾ ਤੇ ਪੁਲਿਸ ਥਾਣਾ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਡੂਮਵਾਲੀ ਅਤੇ ਚੱਕ ਰੁਲਦੂ ਸਿੰਘ ਵਾਲਾ ਵਿਖੇ ਲਗਾਏ ਗਏ ਹਨ। ਇਸੇ ਤਰ੍ਹਾਂ 8 ਹੋਰ ਇੰਟਰ ਸਟੇਟ ਪੁਲਿਸ ਨਾਕੇ ਉਪਮੰਡਲ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡਾਂ ਜਿਵੇਂ ਕਿ ਬੱਸ ਸਟੈਂਡ ਨਥੇਹਾ, ਗੋਲੇਵਾਲਾ-ਸੂਰਤੀਆ ਰੋਡ, ਫੱਤਾ ਬਾਲੂ-ਰੋੜੀ ਰੋਡ, ਰਾਈਆ-ਕੁਰਗਾਵਾਲੀ, ਕੌਰੇਆਣਾ-ਪੱਕਾ ਸ਼ਹੀਦਾਂ ਵਾਲਾ, ਗੋਲੇਵਾਲਾ-ਪੱਕਾ ਸ਼ਹੀਦਾਂ, ਤਿਉਣਾ ਪੁਜਾਰੀਆ-ਸਿੰਘਪੁਰਾ ਰੋਡ, ਜੋਗੇ ਵਾਲਾ-ਕਾਲੇ ਵਾਲਾ ਰੋਡ ਵਿਖੇ ਲਗਾਏ ਗਏ ਹਨ। ਇਸ ਦੌਰਾਨ ਐਸ.ਐਮ.ਓ ਸੰਗਤ ਮੰਡੀ ਡਾ. ਅੰਜੂ ਨੇ ਦੱਸਿਆ ਕਿ ਪਿੰਡ ਡੂਮਵਾਲੀ ਵਿਖੇ ਲਗਾਏ ਨਾਕੇ ’ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਅੰਦਰ ਪ੍ਰਵੇਸ਼ ਕਰਨ ਵਾਲੇ 72 ਬਾਹਰੀ ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਗਏ ਹਨ।