ਬਰਨਾਲਾ: ਲਾਕਡਾਊਨ ਦੌਰਾਨ ਬਾਜ਼ਾਰ ਅਤੇ ਦੁਕਾਨਾਂ ਰਹੀਆਂ ਮੁਕੰਮਲ ਬੰਦ, ਪਰ ਕਿਸਾਨਾਂ ਦਾ ਸੰਘਰਸ਼ ਰਿਹਾ ਜਾਰੀ
ਕਮਲਜੀਤ ਸਿੰਘ ਸੰਧੂ
- ਲਾਕਡਾਊਨ ਦਰਮਿਆਨ ਕਿਸਾਨਾਂ ਦਾ ਸੰਘਰਸ਼ ਰਿਹਾ ਜਾਰੀ
ਬਰਨਾਲਾ, 25 ਅਪ੍ਰੈਲ 2021 - ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਧਿਆਨ ’ਚ ਰੱਖਦਿਆਂ ਸੂਬਾ ਸਰਕਾਰ ਵਲੋਂ ਐਤਵਾਰ ਨੂੰ ਲਾਕਡਾਊਨ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਅੱਜ ਬਰਨਾਲਾ ਜ਼ਿਲੇ ਵਿੱਚ ਇਸ ਲੌਕਡਾਊਨ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ।
ਬਰਨਾਲਾ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਪੂਰੀ ਤਰਾਂ ਬੰਦ ਰਹੀਆਂ। ਹਰ ਤਰਾਂ ਕੇ ਲੋਕਾਂ ਵਲੋਂ ਕਾਰੋਬਾਰ ਬੰਦ ਰੱਖੇ ਗਏ। ਪਰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਪੱਕੇ ਮੋਰਚੇ ਲੌਕਡਾਊਨ ਦਰਮਿਆਨ ਵੀ ਜਾਰੀ ਰਹੇ। ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਮ ਵਿੱਚ ਕਰੀਬ ਸੱਤ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਵਿੱਚ ਅੱਜ ਲਾਕਡਾਊਨ ਦੇ ਬਾਵਜੂਦ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ। ਇਸ ਮੋਰਚੇ ਵਿੱਚ ਅੱਜ ਨਵੀਂ ਵਿਆਹੀ ਜੋੜੀ ਵਲੋਂ ਵੀ ਹਾਜ਼ਰੀ ਲਵਾਈ ਗਈ। ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਕੋਰੋਨਾ ਦੀ ਆੜ ਵਿੱਚ ਖੇਤੀ ਕਾਨੂੰਨਾਂ ਦਾ ਸੰਘਰਸ਼ ਖ਼ਤਮ ਕਰਵਾਉਣਾ ਚਾਹੁੰਦੀਆ ਹਨ। ਪਰ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਆਪਣਾ ਸੰਘਰਸ ਜਾਰੀ ਰੱਖਣਗੇ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਗਾਤਾਰ 1 ਅਕਤੂਬਰ ਤੋਂ ਪੱਕਾ ਮੋਰਚਾ ਖੇਤੀ ਕਾਨੂੰਨਾਂ ਵਿਰੁੱਧ ਲੱਗਿਆ ਹੋਇਆ ਹੈ। ਭਾਵੇਂ ਅੱਜ ਸਰਕਾਰ ਨੇ ਲਾਕਡਾਊਨ ਲਗਾਇਆ ਹੈ। ਪਰ ਉਹਨਾਂ ਦਾ ਮੋਰਚਾ ਜਾਰੀ ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾਂ ਸ਼ਾਮਲ ਹੋਏ ਹਨ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਆੜ ਵਿੱਚ ਸਰਕਾਰਾਂ ਕਿਸਾਨਾਂ ਦਾ ਸੰਘਰਸ਼ ਖ਼ਤਮ ਕਰਵਾਉਣਾ ਚਾਹੁੁੰਦੀਆਂ ਹਨ।
ਦੇਸ਼ ਅਤੇ ਪੰਜਾਬ ਦੇ ਅਜਿਹੇ ਬਣ ਰਹੇ ਹਾਲਾਤਾਂ ਲਈ ਸਰਕਾਰਾਂ ਦੀ ਨਾਕਾਮੀ ਜਿੰਮੇਵਾਰ ਹੈ। ਪਰ ਲਾਕਡਾਊਨ ਨਾਲ ਲੋਕਾਂ ਦੀਆਂ ਸਮੱਸਿਆਵਾਂ ਘਟਣ ਦੀ ਬਿਜਾਏ ਵਧ ਰਹੀਆਂ ਹਨ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਕਿਸਾਨਾਂ ਲਈ ਕੋਰੋਨਾ ਵਾਇਰਸ ਤੋਂ ਵੀ ਭਿਆਨਕ ਹਨ। ਕਿਉਂਕਿ ਖੇਤੀ ਕਾਨੂੰਨਾਂ ਦਾ ਮਸਲਾ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਜਿਉਣ ਮਰਨ ਦਾ ਸਵਾਲ ਹੈ। ਜਿਸ ਕਰਕੇ ਇਹਨਾਂ ਨੂੰ ਰੱਦ ਕਰਵਾਏ ਬਿਨਾਂ ਉਹ ਪਿੱਛੇ ਹਟਣ ਵਾਲੇ ਨਹੀਂ ਹਨ। ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹਨਾਂ ਦਾ ਸੰਘਰਸ ਜਾਰੀ ਰਹੇਗਾ।