ਬਿੱਟੂ ਨੇ ਜਗਰਾਉਂ ਬਾਰ ਐਸੋਸੀਏਸ਼ਨ ‘ਚ ਵਕੀਲ ਭਾਈਚਾਰੇ ਨਾਲ ਕੀਤੀ ਮੁਲਾਕਾਤ
- ਭਾਜਪਾ ਪੰਜਾਬ ‘ਚ ਇਕੱਲੇ ਚੋਣ ਲੜ ਹੀ ਨਹੀਂ ਸਗੋਂ ਜਿੱਤ ਵੀ ਰਹੀ ਹੈ : ਰਵਨੀਤ ਬਿੱਟੂ
ਜਗਰਾਉਂ, 23 ਮਈ 2024 - ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਆਪਣੇ ਜਗਰਾਉਂ ਦੌਰੇ ਦੌਰਾਨ ਜਿੱਥੇ ਵੱਖ-ਵੱਖ ਮੀਟਿੰਗਾਂ ਤੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ, ਉਥੇ ਉਹਨਾਂ ਜਗਰਾਉਂ ਬਾਰ ਐਸੋਸੀਏਸ਼ਨ ਵਿਖੇ ਐਡਵੋਕੇਟ ਵਿਵੇਕ ਭਾਰਦਵਾਜ, ਐਡਵੋਕੇਟ ਅੰਕੁਸ਼ ਧੀਰ, ਐਡਵੋਕੇਟ ਵੈਭਵ ਜੈਨ ਵੱਲੋਂ ਰੱਖੀ ਮੀਟਿੰਗ ‘ਚ ਵਕੀਲ ਭਾਈਚਾਰੇ ਨਾਲ ਵਿਚਾਰ ਵਟਾਂਦਰਾ ਕੀਤਾ, ਜਿੱਥੇ ਉਹਨਾਂ ਨਾਲ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਕੰਵਰ ਨਰਿੰਦਰ ਸਿੰਘ ਹਲਕਾ ਇੰਚਾਰਜ, ਅਭਿਨੇਤਰੀ ਪ੍ਰੀਤੀ ਸਪਰੂ, ਗੌਰਵ ਖੁੱਲਰ ਹਾਜ਼ਰ ਸਨ।
ਇਸ ਮੌਕੇ ਬੋਲਦੀਆਂ ਰਵਨੀਤ ਬਿੱਟੂ ਨੇ ਕਿਹਾ ਕੀ ਅੱਜ ਜੋ ਚੋਣ ਲੜੀ ਜਾ ਰਹੀ ਹੈ ਇਹ ਚੋਣ ਨਹੀਂ ਬਲਕਿ ਆਉਣੇ ਭਵਿੱਖ ਬਚਾਉਣ ਦੀ ਲੜਾਈ ਹੈ, ਅੱਜ ਜਿੱਥੇ ਸਮੁੱਚੇ ਲੁਧਿਆਣਾ ਦੇ ਬੁਨਿਆਦੀ ਢਾਂਚੇ ਨੂੰ ਸੰਵਾਰਨ ਦੀ ਲੋੜ ਹੈ, ਉਥੇ ਜਗਰਾਉਂ ‘ਚ ਬਹੁਤ ਕੁਝ ਹੋਣਾ ਬਾਕੀ ਹੈ ਤੇ ਸਾਨੂੰ ਸਮਝਣ ਦੀ ਲੋੜ ਹੈ ਕਿ ਸੂਬਾ ਪਹਿਲਾਂ ਹੀ ਆਰਥਿਕ ਬੋਝ ਥੱਲ੍ਹੇ ਦੱਬਿਆ ਹੋਇਆ, ਅੱਜ ਲੋੜ ਜਿੱਥੇ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀ ਹੈ, ਉਥੇ ਸੂਬੇ ਦੇ ਵਿਕਾਸ ਲਈ ਕੇਂਦਰ ‘ਚ ਤੀਜੀ ਵਾਰ ਬਣ ਰਹੀ ਮੋਦੀ ਸਰਕਾਰ ‘ਚ ਹਿੱਸੇਦਾਰੀ ਦੀ ਹੈ ਤਾਂ ਜੋ ਅਸੀਂ ਆਪਣੇ ਪੰਜਾਬ ਖਾਸਕਰ ਲੁਧਿਆਣੇ ਨੂੰ ਵਧੀਆ ਬਣਾ ਸਕੀਏ।
ਰਵਨੀਤ ਬਿੱਟੂ ਨੇ ਕਿਹਾ ਕਿ ਬਹੁਤ ਸੁਨਹਿਰੀ ਮੌਕਾ ਆਇਆ ਹੈ ਕਿ ਅੱਜ ਭਾਜਪਾ ਪੰਜਾਬ ‘ਚ ਇਕੱਲੇ ਚੋਣ ਲੜ ਹੀ ਨਹੀਂ ਸਗੋਂ ਜਿੱਤ ਵੀ ਰਹੀ ਹੈ, ਇਸ ਲਈ ਲੁਧਿਆਣਾ ‘ਚ ਵੀ ਕੋਈ ਕਮੀ ਨਾ ਰਹੀ ਜਾਵੇ। ਉਹਨਾਂ ਦਾਅਵਾ ਕੀਤਾ ਕਿ ਗਿੱਲ ਹਲਕੇ ਸਮੇਤ ਭਾਜਪਾ ਦੇ 7 ਹਲਕਿਆਂ ‘ਚ ਵੱਡੀ ਲੀਡ ਨਾਲ ਜਿੱਤ ਰਹੀ ਹੈ ਤੇ ਜਗਰਾਉਂ-ਦਾਖਾ ‘ਚ ਵੀ ਭਾਜਪਾ ਨੂੰ ਭਰਪੂਰ ਸਮੱਰਥਨ ਮਿਲ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ 4 ਜੂਨ ਨੂੰ ਲੁਧਿਆਣਾ ‘ਤੇ ਭਾਜਪਾ ਦਾ ਝੰਡਾ ਲਹਿਰਾਏਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਐਡਵੋਕੇਟ ਪਰਿਮਿੰਦਰ ਸਿੰਘ, ਐਡਵੋਕੇਟ ਗੁਰਬਿੰਦਰ ਸਿੰਘ, ਐਡਵੋਕੇਟ ਅਭਿਸ਼ੇਕ ਗਰਗ, ਐਡਵੋਕੇਟ ਗੁਰਤੇਜ ਗਿੱਲ, ਐਡਵੋਕੇਟ ਸੰਨੀ ਭੰਡਾਰੀ ਆਦਿ ਵਕੀਲ ਭਾਈਚਾਰਾ ਹਾਜ਼ਰ ਸਨ।