ਬੂਥ ਵਿੱਚ ਬਾਹਰਲੇ ਵਿਅਕਤੀ ਦਾਖਲ ਹੋਣ ਨੂੰ ਲੈ ਕੇ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਵਿਚਾਲੇ ਹੋਈ ਝੜਪ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 1 ਜੂਨ 2024 - ਗੁਰਦਾਸਪੁਰ ਦੇ ਟੈਗੋਰ ਮੋਰੀਆਲ ਸਕੂਲ ਦੇ ਬੂਥ ਨੰਬਰ 105 ਅੱਤੇ 106 ਵਿੱਚ ਬਾਹਰ ਤੋ ਆਏ ਵਿਅਕਤੀਆਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢਣ ਨੂੰ ਲੈਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਆਹਮੋ ਸਾਹਮਣੇ ਆ ਗਏ। ਇਸ ਦੌਰਾਨ ਸਥਾਨਕ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੀ ਮੌਕੇ ਤੇ ਆ ਗਏ। ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਨੀਰਜ ਸਲਰੋਤਰਾ ਅਤੇ ਬਿਕਰਮਜੀਤ ਸਿੰਘ ਸੋਢੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਫੀ ਕੁਝ ਬੋਲਦੇ ਨਜ਼ਰ ਆਏ। ਹਾਲਾਂਕਿ ਮੌਕੇ ਤੇ ਪਹੁੰਚੇ ਐਸਪੀ ਬਲਵਿੰਦਰ ਸਿੰਘ ਡੀਐਸਪੀ ਸੁਖਪਾਲ ਸਿੰਘ, ਇੰਸਪੇਕਟਰ ਰਾਜਕੁਮਾਰ ਸ਼ਰਮਾ ਅਤੇ ਐਸ ਐਚ ਓ ਸਿਟੀ ਹਰ ਸੰਦੀਪ ਸਿੰਘ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ।
ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਟੈਗੋਰ ਮੈਮੋਰੀਅਲ ਸਕੂਲ ਗੋਪਾਲ ਨਗਰ ਵਿਖੇ ਕਾਂਗਰਸੀ ਮਹਿਲਾ ਕੌਂਸਲਰ ਦੇ ਬੇਟੇ ਨਕੁਲ ਮਹਾਜਨ ਵਲੋ ਚਲਦੀ ਪੋਲਿੰਗ ਦੌਰਾਨ ਬਾਹਰੀ ਵਿਅਕਤੀ ਆਉਣ ਦੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਮਾਮੂਲੀ ਬਹਿਸਬਾਜੀ ਹੋਈ । ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ਤੇ ਜਾਲੀ ਵੋਟਾਂ ਪਾਉਣ ਦਾ ਦੋਸ਼ ਲਗਾਇਆ ਗਿਆ ਸੀ ।
ਇਸ ਦੌਰਾਨ ਚੇਅਰਮੈਨ ਰਮਨ ਬਹਿਲ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਪਰ ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਯਕੀਨ ਦਵਾਇਆ ਗਿਆ ਕਿ ਇੱਥੇ ਕੋਈ ਜਾਲੀ ਵੋਟਿੰਗ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਕੋਈ ਬਾਹਰੀ ਵਿਅਕਤੀ ਵੀ ਬੂਥ ਵਿੱਚ ਹਾਜ਼ਰ ਨਹੀਂ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਮੌਕੇ ਤੇ ਪਹੁੰਚ ਗਏ ਸਨ ਅਤੇ ਬਹੁਤ ਹੀ ਸ਼ਾਂਤ ਮਾਹੌਲ ਵਿੱਚ ਦੋਨੋਂ ਆਗੂਆਂ ਰਮਣ ਬਹਿਲ ਅਤੇ ਬਰਿੰਦਰਮੀਤ ਸਿੰਘ ਪਾਹੜਾ ਦੀ ਗੱਲਬਾਤ ਹੋਈ ਅਤੇ ਮਾਮਲਾ ਸੁਲਝਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਵੋਟਿੰਗ ਪਹਿਲੇ ਦੀ ਤਰ੍ਹਾਂ ਸ਼ਾਂਤ ਮਾਹੌਲ ਵਿੱਚ ਚੱਲ ਰਹੀ।