ਬੱਕਰੇ ਬੁਲਾਉਣ ਵਾਲੇ ਕਾਂਗਰਸੀ ਲੀਡਰਾਂ ਖਿਲਾਫ ਪੁਲਿਸ ਦਾ ਸ਼ਿਕੰਜਾ
ਅਸ਼ੋਕ ਵਰਮਾ
ਬਠਿੰਡਾ,27 ਅਪਰੈਲ2021: ਮੀਡੀਆ ’ਚ ਵੱਡੀ ਪੱਧਰ ਤੇ ਕਿਰਕਿਰੀ ਹੋਣ ਤੋਂ ਬਾਅਦ ਅਤੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਨਿਸ਼ਾਨਾ ਬਨਾਉਣ ਕਾਰਨ ਬਣੇ ਭਾਰੀ ਦਬਾਅ ਹੇਠ ਆਈ ਬਠਿੰਡਾ ਪੁਲਿਸ ਨੇ ਨਗਰ ਨਿਗਮ ਬਠਿੰਡਾ ਦੇ ਮੇਅਰ,ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਸਮੇਤ ਕੌਂਸਲਰਾਂਦੀਆਂ ਕੁਰਸੀਆਂ ਤੇ ਬਿਰਾਜਮਾਨ ਹੋਣ ਦੀ ਖੁਸ਼ੀ ’ਚ ਗੋਨਿਆਣਾ ਰੋਡ ਤੇ ਸਥਿਤ ਥਰੀ ਪਾਮ ਪੈਲੇਸ ’ਚ ਬੱਕਰੇ ਬੁਲਾਉਣ ਦੇ ਮਾਮਲੇ ’ਚ ਦੋ ਕਾਂਗਰਸੀ ਕੌਂਸਲਰਾਂ, ਛੇ ਕੌਂਸਲਰ ਪਤੀਆਂ ਅਤੇ ਤਿੰਨ ਹੋਰ ਕਾਂਗਰਸੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰ ਕੀਤੇ ਕਾਂਗਰਸੀ ਕੌਂਸਲਰਾਂ ’ਚ ਵਾਰਡ ਨੰਬਰ 46 ਤੋਂ ਜਿੱਤਿਆ ਰਤਨ ਰਾਹੀ ਅਤੇ ਵਾਰਡ ਨੰਬਰ 42 ਤੋਂ ਜਿੱਤਿਆ ਸੁਖਰਾਜ ਸਿੰਘ ਔਲਖ ਸ਼ਾਮਲ ਹਨ ਜਦੋਂਕਿ ਕੌਂਸਲਰ ਪਤੀਆਂ ’ਚ ਮੁੱਖ ਤੌਰ ਤੇ ਕਾਂਗਰਸੀ ਕੌਂਸਲਰ ਸਿਮਰਨ ਬਿਸਵਾਲ ਦਾ ਪਤੀ ਸੰਜੇ ਕੁਮਾਰ ਅਤੇ ਮੇਘ ਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰਾਂ ਹੀ ਪੁਲਿਸ ਨੇਚੋਣ ਹਾਰਿਆ ਕਾਂਗਰਸੀ ਲੀਡਰ ਰਾਮ ਸਿੰਘ ਵਿਰਕ, ਵਿਪਿਨ ਕੁਮਾਰ,ਨੰਦ ਲਾਲ ਸਿੰਗਲਾ, ਚਰਨਜੀਤ ਸਿੰਘ ਉਰਫ ਭੋਲਾ,ਗੁਰਪ੍ਰੀਤ ਸਿੰਘ ਉਰਫ ਬੰਟੀ ਅਤੇ ਗੁਰਮੀਤ ਸਿੰਘ ਵੀ ਗ੍ਰਿਫਤਾਰ ਕੀਤੇ ਹਨ।
ਦੱਸਣਯੋਗ ਹੈ ਕਿ ਕਾਂਗਰਸ ਦੇ ਵੱਡੀ ਗਿਣਤੀ ਕੌਂਸਲਰਾਂ ਜਿੰਨ੍ਹਾਂ ’ਚ ਨਗਰ ਨਿਗਮ ਦਾ ਅਹਿਮ ਅਹੁਦੇਦਾਰ ਸ਼ਾਮਲ ਹੈ ਨੇ ਗੋਨਿਆਣਾ ਰੋਡ ਸਥਿਤ ਪਾਮ ਪੈਲੇਸ ’ਚ ਜਸ਼ਨ ਮਨਾਏ ਸਨ । ਮੀਡੀਆ ’ਚ ਸੁਰਖੀਆਂ ਬਣਨ ਤੋਂ ਬਾਅਦ ਥਾਣਾ ਥਰਮਲ ਪੁਲਿਸ ਨੇ ਕਰਫ਼ਿਊ ਅਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਕੇ ਪਾਰਟੀ ਕਰਨ ਵਾਲੇ 40 ਅਣਪਛਾਤੇ ਵਿਅਕਤੀਆਂ ਅਤੇ ਪੈਲੇਸ ਪ੍ਰਬੰਧਕ ਰਜੀਵ ਕੁਮਾਰ ਖ਼ਿਲਾਫ਼ ਧਾਰਾ 188, 269, 270 ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਪੁਲਿਸ ਨੇ ਸਬੰਧਿਤ ਪੈਲੇਸ ਸੀਲ ਕਰਦਿਆਂ ਮੈਨੇਜਰ ਰਜੀਵ ਕੁਮਾਰ ਨੂੂੰ ਗ੍ਰਿਫਤਾਰ ਕਰ ਲਿਆ ਜਿਸ ਨੂੰ ਮੌਕੇ ਤੇ ਹੀ ਜਮਾਨਤ ਦੇ ਦਿੱਤੀ ਗਈ ਸੀ। ਇਸ ਸਬੰਧ ’ਚ ਸਾਹਮਣੇ ਆਈਆਂ ਤਸਵੀਰਾਂ ਦੇ ਬਾਵਜੂਦ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਨ ਨੂੰ ਲੈਕੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਪੁਲਿਸ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਇਸ ਨੂੰ ਸਿਆਸੀ ਦਬਾਅ ਦਾ ਸਿੱਟਾ ਦੱਸਿਆ ਸੀ। ਜਨਤਕ ਅਲੋਚਨਾ ਤੋਂ ਬਾਅਦ ਅੱਜ ਪੁਲਿਸ ਨੇ ਕਾਂਗਰਸੀ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਡੀਜੀਪੀ ਦੇ ਹੁਕਮਾਂ ਤੇ ਕਾਰਵਾਈ ਦੇ ਚਰਚੇ
ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਕੇ ਪੈਲੇਸ ’ਚ ਮਨਾਏ ਜਸ਼ਨਾਂ ਨੂੰ ਦੇਖਦਿਆਂ ਦਰਜ ਕੇਸ ਅਤੇ ਅੱਜ ਹੋਈ ਕਾਰਵਾਈ ਪਿੱਛੇ ਡੀ ਜੀ ਪੀ ਪੰਜਾਬ ਦੇ ਹੁਕਮ ਹੋਣ ਦੇ ਚਰਚੇ ਹਨ। ਪਤਾ ਲੱਗਿਆ ਹੈ ਕਿ ਪਹਿਲਾਂ ਤਾਂ ਪੁਲਿਸ ਨੇ ਪਾਰਟੀ ਤੇ ਪੋਚਾ ਫੇਰ ਦਿੱਤਾ ਸੀ ਪਰ ਮੀਡੀਆ ’ਚ ਉੱਛਲਣ ਤੋਂ ਬਾਅਦ ਪੰਜਾਬ ਪੁਲਿਸ ਹੈਡਕੁਆਟਰ ਹਰਕਤ ’ਚ ਆ ਗਿਆ ਤਾਂ ਬਠਿੰਡਾ ਪੁਲਿਸ ਨੂੰ ਲੀਡਰ ਗ੍ਰਿਫਤਾਰ ਕਰਨੇ ਪਏ ਹਨ।
ਮਹੱਤਵਪੂਰਨ ਤੱਥ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵੱਲੋਂ ਪੂਰੇ ਮੁਲਕ ’ਚ ਡਿਜਾਸਟਰ ਮੈਨੇਜਮੈਂਟ ਲਾਗੂ ਕਰਨ ਦਰਮਿਆਨ ਕੀਤੀ ਪਾਰਟੀ ਨੂੰ ਪੁਲਿਸ ਦੇ ਆਹਲਾ ਅਧਿਕਾਰੀਆਂ ਨੇ ਕਾਫੀ ਸੰਦੀਜਦਗੀ ਨਾਲ ਲਿਆ ਦੱਸਿਆ ਜਾ ਰਿਹਾ ਹੈ।ਇਸ ਸਬੰਧ ’ਚ ਕੁੱਝ ਤਸਵੀਰਾਂ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ ਜਿੰਨ੍ਹਾਂ ’ਚ ਕਈ ਜਾਣੇ ਪਛਾਣੇ ਚਿਹਰੇ ਦਿਖਾਈ ਦੇ ਰਹੇ ਸਨ ਪਰ ਪੁਲਿਸ ਅਜੇ ਤੱਕ ਉਨ੍ਹਾਂ ਤੱਕ ਪੁੱਜੀ ਨਹੀਂ ਹੈ।
ਐਸ ਐਸ ਪੀ ਵੱਲੋਂ ਗ੍ਰਿਫਤਾਰੀਆਂ ਦੀ ਪੁਸ਼ਟੀ
ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਗ੍ਰਿਫਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਤ ਦੇ ਕਰਫ਼ਿਊ ਅਤੇ ਕਰੋਨਾ ਸਬੰਧੀ ਜਾਰੀ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਪਾਰਟੀ ’ਚ ਸ਼ਾਮਿਲ ਹੋਏ ਕਾਂਗਰਸੀ ਲੀਡਰਾਂ ਵਿੱਚੋਂ ਕਰੀਬ ਇੱਕ ਦਰਜਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਚੱਲ ਜਾਰੀ ਹੈ ਜਿਸ ਦੌਰਾਨ ਜਿਨ੍ਹਾਂ ਵਿਅਕਤੀਆਂ ਦੇ ਨਾਮ ਸਾਹਮਣੇ ਆਉਣਗੇ, ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ। ਐਸ ਐਸ ਪੀ ਨੇ ਇਸ ਮਾਮਲੇ ’ਚ ਜਾਂਚ ਚੱਲਦੀ ਹੋਣ ਦਾ ਹਵਾਲਾ ਦੇਕੇ ਹੋਰ ਕੋਈ ਟਿੱਪਣੀ ਤੋਂ ਇਨਕਾਰ ਕਰ ਦਿੱਤਾ।