ਲੋਕੇਸ਼ ਰਿਸ਼ੀ
ਗੁਰਦਾਸਪੁਰ, 14 ਅਕਤੂਬਰ 2019: ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਨਰੀਖਣ ਕਰਨ ਲਈ ਸੋਮਵਾਰ ਨੂੰ ਭਾਰਤ ਦੇ ਗ੍ਰਹਿ ਸਕੱਤਰ ਅਜੇ ਭੱਲਾ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਡੀ.ਜੀ ਬੀ.ਐੱਸ.ਐਫ, ਜੁਆਇੰਟ ਸੈਕਟਰੀ ਐੱਸ.ਐਲ.ਸੀ ਦਾਸ, ਐਡੀਸ਼ਨਲ ਚੀਫ਼਼ ਸੈਕਟਰੀ ਸਤੀਸ਼ ਚੰਦਰਾ,ਚੀਫ਼ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਪੰਜਾਬ ਸੰਦੇਸ਼ ਕੁਮਾਰ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਅਤੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਸੁਰੇਸ਼ ਅਰੋੜਾ ਵੀ ਹਾਜ਼ਰ ਸਨ।
ਇਸ ਮੌਕੇ ਡੇਰਾ ਬਾਬਾ ਨਾਨਕ ਵਿਖੇ ਪਹੁੰਚੀ ਇਸ ਕੇਂਦਰ ਦੀ ਟੀਮ ਵੱਲੋਂ ਭਾਰਤ ਵਾਲੇ ਪਾਸੇ ਬਣਾਏ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਟਰਮੀਨਲ ਦਾ ਪੈਦਲ ਨਰੀਖਣ ਕੀਤਾ ਗਿਆ ਅਤੇ ਬਾਕਾਇਦਾ ਉਸ ਜਗ੍ਹਾ ਦਾ ਵੀ ਮੁਆਇਨਾ ਕੀਤਾ ਗਿਆ ਜਿੱਥੇ 8 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਕਰਨਗੇ। ਇਸ ਫੇਰੀ ਦੌਰਾਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਸਕੱਤਰ ਦੇ ਨਾਲ ਰਹੇ ਅਤੇ ਉਨ੍ਹਾਂ ਨੂੰ ਕਾਰੀਡੋਰ ਦੀ ਮੌਜੂਦਾ ਸਥਿਤੀ ਅਤੇ ਲੋੜੀਂਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ।
ਹਾਲਾਂ ਕਿ ਇਸ ਦੌਰਾਨ ਜਿੱਥੇ ਇੱਕ ਪਾਸੇ ਦਿੱਲੀ ਤੋਂ ਪਹੁੰਚੀ ਟੀਮ ਵੱਲੋਂ ਮੀਡੀਆ ਕੋਲੋਂ ਲਗਾਤਾਰ ਦੂਰੀ ਬਰਕਰਾਰ ਰੱਖੀ ਗਈ। ਉੱਥੇ ਹੀ ਕੇਂਦਰ ਦਾ ਕੋਈ ਵੀ ਨੁਮਾਇੰਦਾ ਮੀਡੀਆ ਨਾਲ ਮੁਖ਼ਾਤਬ ਨਹੀਂ ਹੋਇਆ। ਦੂਜੇ ਪਾਸੇ ਕੇਂਦਰੀ ਟੀਮ ਦੀ ਫੇਰੀ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬੀ.ਐੱਸ.ਐਫ ਵੱਲੋਂ ਪੂਰੇ ਇਲਾਕੇ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਹਾਲਾਂ ਕੀ ਟੀਮ ਦੇ ਵਾਪਸ ਪਰਤ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਰੰਧਾਵਾ ਨੇ ਕਿਹਾ ਕਿ ਆਉਂਦੀ 8 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਕੇਂਦਰ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਗਿਆ ਹੈ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਨੂੰ ਕਾਰੀਡੋਰ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਕਾਰੀਡੋਰ ਸਬੰਧੀ ਕੁੱਝ ਮੰਗਾਂ ਵੀ ਰੱਖੀਆਂ ਸਨ, ਜਿਨ੍ਹਾਂ ਨੂੰ ਕੇਂਦਰ ਦੀ ਟੀਮ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਬੈਕ ਦੌਰਾਨ ਸਾਫ਼ ਹੋ ਚੁੱਕਾ ਹੈ ਕੀ 31 ਅਕਤੂਬਰ ਤੱਕ ਕਾਰੀਡੋਰ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ ਅਤੇ ਅਗਲੇ 6 ਦਿਨਾਂ ਦੇ ਅੰਦਰ ਅੰਦਰ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਇਸ ਟਰਮੀਨਲ ਪੰਜਾਬ ਨੂੰ ਹੈਂਡ ਓਵਰ ਕਰ ਦੇਵੇਗੀ।