ਮਲੇਰਕੋਟਲਾ ਵਿਖੇ ਯੋਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਵਾਏ "ਚੋਣਾਂ ਦਾ ਪਰਵ" ਚੋਣ ਬਰੈਂਡਿੰਗ ਦੇ ਹੋਰਡਿੰਗਜ਼
* ਟ੍ਰਾਂਸਜੈਂਡਰ ਨਿਭਾਉਣ ਆਪਣੀ ਜਿੰਮੇਵਾਰੀ;ਹੁਣ ਆਈ ਵੋਟ ਪਾਉਣ ਦੀ ਵਾਰੀ
* ਯੂਥ ਦਾ ਇੱਕੋ ਹੀ ਟਸ਼ਨ ,ਮਨਾਉਣਗੇ ਵੋਟਾਂ ਦਾ ਜਸ਼ਨ
* ਟ੍ਰਾਂਸਜੈਡਰ ,ਔਰਤ ਤੇ ਮਰਦ ਲੋਕਤੰਤਰ ਵਿਚ ਸਭ ਬਰਾਬਰ : ਡਾ ਪੱਲਵੀ
* ਵੋਟ ਦਾ ਸਹੀ ਇਸਤੇਮਾਲ ਜਿੱਥੇ ਸਾਡਾ ਸੰਵਿਧਾਨਕ ਹੱਕ ਹੈ, ਉੱਥੇ ਹੀ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ : ਜ਼ਿਲ੍ਹਾ ਚੋਣ ਅਫ਼ਸਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 08 ਮਈ :2024 - ਲੋਕ ਸਭਾ ਚੋਣਾ—2024 ਤੋਂ ਪਹਿਲਾ ਵੋਟਰਾਂ ਨੂੰ ਉਹਨਾਂ ਦੀਆਂ ਵੋਟਾਂ ਦੀ ਅਹਿਮੀਅਤ ਅਤੇ ਵੋਟਰਾਂ ਦੀ ਲੋਕਤੰਤਰ ਦੇ ਤਿਉਹਾਰ "ਚੋਣਾਂ ਦਾ ਪਰਵ" 01 ਜੂਨ ਵਾਲੇ ਦਿਨ 100 ਫ਼ੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਮਾਲੇਰਕੋਟਲਾ,ਅਹਿਮਦਗੜ੍ਹ,ਅਮਰਗੜ੍ਹ ਦੇ ਬੱਸ ਸਟੈਡ,ਕੁਟੀ ਰੋਡ, ਦਫ਼ਤਰ ਐਸ.ਡੀ.ਐਮ.ਮਾਲੇਰਕੋਟਲਾ,ਅਹਿਮਦਗੜ੍ਹ, ਸਰਕਾਰੀ ਕਾਲਜ ਮਾਲੇਰਕੋਟਲਾ ,ਮਹੋਰਾਣਾ ਟੋਲ ਪਲਾਜਾ ਆਦਿ ਵਿਖੇ ਚੋਣ ਦੀ ਬਰੈਡਿੰਗ ਦੇ ਹੋਰਡਿੰਗਜ਼ ਲਗਾਏ ਜਾ ਰਹੇ ਹਨ ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕਰਦਿਆ ਕਿਹਾ ਕਿ 01 ਜੂਨ ਨੂੰ ਆਪਣੇ ਕੀਮਤੀ ਵੋਟ ਦਾ ਉਪਯੋਗ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਸਹਿਯੋਗ ਦੇਣ । ਵੋਟ ਦਾ ਸਹੀ ਇਸਤੇਮਾਲ ਜਿੱਥੇ ਸਾਡਾ ਸੰਵਿਧਾਨਕ ਹੱਕ ਹੈ, ਉੱਥੇ ਹੀ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ, ਕਿਉਂਕਿ ਵੋਟ ਦੇ ਸਹੀ ਇਸਤੇਮਾਲ ਨਾਲ ਹੀ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤ,ਮਰਦ, ਅਤੇ ਟ੍ਰਾਂਸਜੈਡਰ ਲੋਕਤੰਤਰ ਵਿਚ ਸਭ ਬਰਾਬਰ ਹਨ । ਸਾਨੂੰ ਸਾਰਿਆ ਨੂੰ ਆਪਣੇ ਵੋਟ ਦੇ ਹੱਕ ਦਾ ਬਿਨਾਂ ਕਿਸੇ ਡਰ ,ਭੈਅ ,ਲਾਲਚ ਤੋਂ ਉਪਯੋਗ ਕਰਨਾ ਚਾਹੀਦਾ ਹੈ ।
ਉਨ੍ਹਾਂ ਹੋਰ ਕਿਹਾ ਕਿ ਲੋਕ ਸਭਾ ਚੋਣਾਂ -2024 ਵਿੱਚ ਨੌਜਵਾਨਾਂ ਅਤੇ ਦਿਵਿਆਂਗਜਨਾਂ ਬਜ਼ੁਰਗ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਗਤੀਵਿਧੀਆਂ ਲਗਾਤਾਰ ਉਲੀਕੀਆ ਜਾ ਰਹੀਆਂ ਹਨ । ਜ਼ਿਲ੍ਹੇ ਵਿੱਚ 02 ਗਰੀਨ ਪੋਲਿੰਗ ਸਟੇਸ਼ਨ, 02 ਪਿੰਕ ਪੋਲਿੰਗ ਸਟੇਸ਼ਨ, 02 ਔਰਤਾਂ ਰਾਹੀ ਅਤੇ 02ਦਿਵਿਆਂਗਜ਼ਨਾਂ ਰਾਹੀ ਮੈਂਨੇਜ਼ਡ ਪੋਲਿੰਗ ਸਟੇਸਨਾਂ ਤੋਂ ਇਲਾਵਾ 10 ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ । ਗਰੀਨ ਪੋਲਿੰਗ ਸਟੇਸ਼ਨਾਂ ਤੇ ਫਲ ਅਤੇ ਫੁੱਲਦਾਰ ਬੂਟੇ ਮੁਫ਼ਤ ਦਿੱਤੇ ਜਾਣਗੇ ਅਤੇ ਮਾਡਲ ਪੋਲਿੰਗ ਸਟੇਸ਼ਨਾਂ ਨੂੰ ਸ਼ਾਮਿਆਨਾ ,ਗ਼ੁਬਾਰੇ, ਸਜਾਵਟੀ ਗੇਟ ਆਦਿ ਨਾਲ ਸਜਾਇਆ ਜਾਵੇਗਾ ਤਾਂ ਜੋ ਇਨ੍ਹਾਂ ਪੋਲਿੰਗ ਸਟੇਸ਼ਨ ਤੇ ਆਉਂਣ ਵਾਲੇ ਵੋਟਰ ਆਪਣੇ ਆਪ ਨੂੰ ਖਾਸ ਮਹਿਸੂਸ ਕਰ ਸਕਣ ।
ਡਾ ਪੱਲਵੀ ਨੇ ਦੱਸਿਆ ਕਿ ਦਿਵਿਆਂਗਜਨਾਂ ਤੇ 85 ਸਾਲ ਤੋਂ ਉਪਰ ਦੇ ਬਜ਼ੁਰਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਠੰਢਾ ਪੀਣ ਯੋਗ ਪਾਣੀ,ਛਾਂਦਾਰ ਉਡੀਕ ਲਾਇਨਾਂ,ਪੱਖੇ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਦਿਵਿਆਂਗਜਨਾਂ ਤੇ ਬਜ਼ੁਰਗ ਵੋਟਰਾਂ ਦੀਸ਼ਮੂਲੀਅਤ ਲਈ ਰੈਂਪ, ਵ੍ਹੀਲਚੇਅਰ,ਸੰਕੇਤਕ ਭਾਸ਼ਾ, ਚਿੰਨ੍ਹ ਸੰਕੇਤ, ਵਿਸ਼ੇਸ਼ ਵਲੰਟੀਅਰ,ਬ੍ਰੇਲ ਲਿੱਪੀ ਵਿੱਚ ਈ.ਵੀ.ਐਮ., ਆਵਾਜਾਈ ਦੀ ਸਹੂਲਤ, ਪਹਿਲ ਦੇ ਅਧਾਰ ਵੋਟ ਪਾਉਣ ਲਈ ਬੂਥ ਵਿੱਚ ਪ੍ਰਵੇਸ਼ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗੇਤੇ ਪੁਖੱਤਾ ਪ੍ਰਬੰਧ ਕਰਨ ਲਈ ਸਬੰਧਤ ਅਫ਼ਸਰਾਂ ਨੂੰ ਪਹਿਲਾ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।