ਮਾਸਕ ਨਾ ਪਾਉਣ ਵਾਲਿਆਂ ‘ਤੇ ਸਪੈਸ਼ਲ ਇਨਫੋਰਸਮੈਂਟ ਟੀਮ ਨੇ ਕਸੀ ‘ਚੂੜੀ’, ਕੀਤੇ ਚਲਾਣ
ਮਨਿੰਦਰਜੀਤ ਸਿੱਧੂ
- ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਉਣ ਲਈ ਕੀਤਾ ਪ੍ਰੇਰਿਤ
ਜੈਤੋ, 28 ਅਪਰੈਲ, 2021 - ਅੱਜ ਸਥਾਨਕ ਬਠਿੰਡਾ ਰੋਡ ਉੱਪਰ ਸੂਏ ਦੇ ਪੁਲ ਨਜਦੀਕ ਸਪੈਸ਼ਲ ਇਨਫੋਰਸਮੈਂਟ ਟੀਮ ਵੱਲੋਂ ਨਾਕਾ ਲਗਾਇਆ ਗਿਆ। ਇਸ ਦੌਰਾਨ ਮਾਸਕ ਨਾ ਪਹਿਣਨ ਵਾਲੇ ਰਾਹਗੀਰਾਂ ਨੂੰ ਰੋਕਿਆ ਗਿਆ ਅਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਣ ਕੀਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ ਦਰਸ਼ਨ ਸਿੰਘ, ਏ.ਐੱਸ.ਆਈ ਜਸਬੀਰ ਸਿੰਘ, ਹੈੱਡ ਕਾਂਸਟੇਬਲ ਅਮਿ੍ਰਤਪਾਲ ਸਿੰਘ ਅਤੇ ਲੇਡੀ ਕਾਂਸਟੇਬਲ ਸਵਰਨਜੀਤ ਕੌਰ ਦੀ ਅਗਵਾਈ ਵਾਲੀ ਟੀਮ ਵੱਲੋਂ 9 ਵਿਅਕਤੀਆਂ ਦੇ ਮਾਸਕ ਨਾ ਪਹਿਣਨ ਕਰਕੇ ਚਲਾਣ ਕੀਤੇ ਗਏ।ਇਸ ਦੌਰਾਨ ਉਹਨਾਂ ਸਿਰਫ ਚਲਾਣ ਹੀ ਨਹੀਂ ਕੀਤੇ, ਸਗੋਂ 100 ਦੇ ਕਰੀਬ ਵਿਅਕਤੀਆਂ ਨੂੰ ਮਾਸਕ ਵੀ ਵੰਡੇ ਅਤੇ ਉਹਨਾਂ 200 ਦੇ ਕਰੀਬ ਰਾਹਗੀਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਅਤੇ ਸਰਕਾਰ ਦੁਆਰਾ ਜਾਰੀ ਗਾਈਡਲਾਈਨਜ਼ ਬਾਰੇ ਜਾਗਰੁਕ ਕੀਤਾ।
ਪੁਲਿਸ ਅਧਿਕਾਰੀਆਂ ਮੁਤਾਬਿਕ ਇਹ ਸਖਤੀ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਤੋਂ ਦੇਸ਼ ਦੀ ਜਨਤਾ ਨੂੰ ਬਚਾਉਣ ਲਈ ਕੀਤੀ ਜਾ ਰਹੀ।ਉਹਨਾਂ ਕਿਹਾ ਕਿ ਪੁਲਿਸ ਦਾ ਮਕਸਦ ਲੋਕਾਂ ਦੇ ਚਲਾਣ ਕਰਨਾ ਨਹੀਂ, ਸਗੋਂ ਪੁਲਿਸ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਇਹ ਸਭ ਕੁੱਝ ਕਰ ਰਹੀ ਹੈ।