ਮੋਦੀ ਸਰਕਾਰ ਨੇ ਜੀਐਸਟੀ ਰਾਹੀਂ ਵਪਾਰੀ, ਕਾਰੋਬਾਰੀਆਂ ਨੂੰ ਈਡੀ ਤੇ ਸੀਬੀਆਈ ਦੇ ਸ਼ਿਕੰਜੇ ‘ਚ ਲਿਆਂਦਾ : ਹਰਪਾਲ ਚੀਮਾ
- ਕਾਂਗਰਸ ਵਾਂਗ ਮੋਦੀ ਸਰਕਾਰ ਵੀ ਕਿਸੇ ਦੀ ਨਹੀਂ ਹੋਈ : ਕਰਮਜੀਤ ਅਨਮੋਲ
- ਵਪਾਰ ਮਿਲਣੀ ਵਿੱਚ ਸਪੀਕਰ ਸੰਧਵਾਂ, ਵਿਧਾਇਕ ਸੇਖੋਂ ਅਤੇ ਅਮੋਲਕ ਸਿੰਘ ਹੋਏ ਸ਼ਾਮਿਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 25 ਮਈ 2024 - ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਆਯੋਜਿਤ ਵਪਾਰ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੇਵਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੀ ਨਹੀਂ ਬਲਕਿ ਵਪਾਰੀਆਂ-ਕਾਰੋਬਾਰੀਆਂ ਦੀ ਵੀ ਵਿਰੋਧੀ ਸਰਕਾਰ ਸਾਬਤ ਹੋਈ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਅੰਕੜੇ ਡੇਟਾ ਸਾਂਝਾ ਕਰਨ ਸਬੰਧੀ ਜੋ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਇਸ ਨਾਲ ਦੇਸ਼ ਭਰ ਦਾ ਵਪਾਰੀ ਅਤੇ ਕਾਰੋਬਾਰੀ ਕੇਂਦਰੀ ਏਜੰਸੀਆਂ ਦੇ ਸ਼ਿਕੰਜੇ ਵਿੱਚ ਆ ਗਿਆ ਹੈ। ਇਸ ਕਾਨੂੰਨ ਦੀ ਆੜ ਵਿੱਚ ਈਡੀ ਅਤੇ ਸੀਬੀਆਈ ਜਦ ਮਰਜ਼ੀ ਕਿਸੇ ਵੀ ਵਪਾਰੀ ਅਤੇ ਕਾਰੋਬਾਰੀ ਨੂੰ ਉਲਝਾ ਸਕਦੀ ਹੈ। ਅਜਿਹਾ ਪ੍ਰਚਲਣ ਸ਼ੁਰੂ ਹੋ ਚੁੱਕਿਆ ਹੈ। ਜਿਸ ਸਮੇਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਇਸ ਕਾਨੂੰਨ ਬਾਰੇ ਰਾਜਾਂ ਦੇ ਵਿੱਤ ਮੰਤਰੀ ਨਾਲ ਵਿਚਾਰ ਚਰਚਾ ਕਰ ਰਹੇ ਸਨ। ਉਸ ਮੌਕੇ ਸਿਰਫ਼ ਅਤੇ ਸਿਰਫ਼ ਉਨ੍ਹਾਂ ਹਰਪਾਲ ਸਿੰਘ ਚੀਮਾ ਅਤੇ ਦਿੱਲੀ ਦੇ ਵਿੱਤ ਮੰਤਰੀ ਆਤਸ਼ੀ ਨੇ ਵਿਰੋਧ ਕੀਤਾ ਸੀ, ਪ੍ਰੰਤੂ ਇਸ ਮਾਰੂ ਕਾਨੂੰਨ ਦੇ ਹੱਕ ਵਿੱਚ ਬਹੁ ਗਿਣਤੀ ਹੋਣ ਕਰਕੇ ਕੇਂਦਰ ਇਹ ਕਾਨੂੰਨ ਪਾਸ ਕਰਾਉਣ ਵਿੱਚ ਸਫਲ ਹੋ ਗਿਆ। ਜੇਕਰ ਲੋਕਾਂ ਦੇ ਸਹਿਯੋਗ ਨਾਲ ਕੇਂਦਰ ਵਿਚ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਕਾਨੂੰਨ ਰੱਦ ਕਰ ਦਿੱਤਾ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਰਫ਼ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਕਾਰੋਬਾਰੀਆਂ ਲਈ ਕਈ ਰਾਹਤ ਵਾਲੇ ਫ਼ੈਸਲੇ ਲਏ ਹਨ। ਜਿਨ੍ਹਾਂ ਵਿੱਚ ਨਵੀਂ ਇੰਡਸਟਰੀ ਲਈ ਗ੍ਰੀਨ ਸਟੈਂਪ ਪੇਪਰ ਨੀਤੀ ਪ੍ਰਮੁੱਖ ਹੈ। ਇਸ ਤੋਂ ਇਲਾਵਾ ਜੀਐਸਟੀ ਕੇਸਾਂ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਓਟੀਐਸ ਸਕੀਮ ਅੱਜ ਤੱਕ ਦੀ ਸਭ ਤੋਂ ਸਫਲ ਸਕੀਮ ਸਾਬਤ ਹੋਈ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਨਵੀਂ ਐਕਸਾਈਜ਼ ਨੀਤੀ ਨਾਲ ਵਪਾਰੀਆਂ ਅਤੇ ਸਰਕਾਰ ਨੂੰ ਵੱਡਾ ਫ਼ਾਇਦਾ ਹੋਇਆ ਹੈ ਉਸੇ ਤਰਾਂ ਵਾਟਰ ਟੂਰਿਜ਼ਮ ਅਤੇ ਟਰਾਂਸਪੋਰਟ ਅਤੇ ਹੋਰ ਵਿਭਾਗਾਂ ਵਿੱਚ ਲਿਆਂਦੀਆਂ ਨਵੀਆਂ ਨੀਤੀਆਂ ਨਾਲ ਵਪਾਰੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਜਿਸ ਤਰ੍ਹਾਂ ਸਭ ਤੋਂ ਲੰਬਾ ਸਮਾਂ ਸੱਤਾ ਵਿੱਚ ਰਹਿਣ ਵਾਲੀ ਕਾਂਗਰਸ ਲੋਕਾਂ ਲਈ ਕੁਝ ਵੀ ਨਹੀਂ ਕਰ ਸਕੀ ਉਸੇ ਤਰਾਂ ਮੋਦੀ ਸਰਕਾਰ ਵੀ ਕਿਸੇ ਦੀ ਸਕੀ ਨਹੀਂ ਹੋਈ। ਮੋਦੀ ਸਰਕਾਰ ਸਿਰਫ਼ ਕਿਸਾਨਾਂ ਅਤੇ ਮਜ਼ਦੂਰ ਵਿਰੋਧੀ ਹੀ ਨਹੀਂ ਬਲਕਿ ਵਪਾਰੀ ਕਾਰੋਬਾਰੀਆਂ ਵਿਰੋਧੀ ਵੀ ਸਾਬਤ ਹੋਈ । ਅਨਮੋਲ ਨੇ ਕਿਹਾ ਕਿ ਗ਼ਲਤ ਤਰੀਕੇ ਨਾਲ ਲਾਗੂ ਜੀਐਸਟੀ ਨੇ ਆਮ ਵਪਾਰੀ ਵਰਗ ਨੂੰ ਬੁਰੀ ਤਰਾਂ ਪਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਸਵਾਲ ਉਠਾਇਆ ਕੀ ਜੀਐਸਟੀ ਦੇ ਘੇਰੇ ਵਿੱਚ ਡੀਜ਼ਲ ਅਤੇ ਪੈਟਰੋਲ ਨੂੰ ਕਿਉਂ ਬਾਹਰ ਰੱਖਿਆ ਹੋਇਆ ਹੈ? ਕੀ ਇਹ ਅੰਬਾਨੀਆ ਅਤੇ ਅਡਾਨੀਆਂ ਨੂੰ ਫ਼ਾਇਦਾ ਦੇਣ ਲਈ ਨਹੀਂ ਕੀਤਾ ? ਅਨਮੋਲ ਨੇ ਕਿਹਾ ਕਿ ਨੋਟਬੰਦੀ ਦੀ ਮਾਰ ਨੇ ਅਜੇ ਤੱਕ ਬਹੁਤੇ ਵਪਾਰੀ ਉੱਠਣ ਨਹੀਂ ਦਿੱਤੇ।
ਇਸ ਮੌਕੇ ਕਰਮਜੀਤ ਅਨਮੋਲ ਨੇ ਭਰੋਸਾ ਦਿੱਤਾ ਕਿ ਉਹ ਪਾਰਲੀਮੈਂਟ ਵਿੱਚ ਸਾਰੇ ਵਰਗਾਂ ਸਮੇਤ ਵਪਾਰੀਆਂ ਦੇ ਹੱਕ ਵਿੱਚ ਵੀ ਡੱਟ ਕੇ ਆਵਾਜ਼ ਉਠਾਉਣਗੇ।
ਇਸ ਮੌਕੇ ਸਪੀਕਰ ਕਰਤਾਰ ਸਿੰਘ ਸੰਧਵਾਂ, ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜੈਤੋ ਤੋਂ ਵਿਧਾਇਕ ਅਮੋਲਕ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ, ਚੇਅਰਮੈਨ ਸੁਖਜੀਤ ਸਿੰਘ ਢਿਲਵਾਂ, ਪਾਰਟੀ ਆਗੂ ਭੋਲਾ ਯਮਲਾ ਸਮੇਤ ਵਪਾਰੀ ਵਰਗ ਦੇ ਬਲਜਿੰਦਰ ਸਿੰਘ ਬੱਬੂ ਅਹੂਜਾ, ਕੇਵਲ ਸਿੰਗਲਾ, ਮਨੋਜ ਜਿੰਦਲ, ਸਧੀਰ ਛਾਬੜਾ, ਵਿਕਾਸ ਕੁਮਾਰ ਗੁਪਤਾ, ਪਸ਼ੂ ਅਗਰਵਾਲ, ਕਲਬੂਸ਼ਨ ਰਾਏ ਭੂਸ਼ੀ, ਰਾਣਾ ਸੇਖੋ, ਰਜੀਵ ਸੇਠੀ ਅਤੇ ਰਜਿੰਦਰ ਸੇਠੀ ਸਮੇਤ ਹੋਰ ਆਗੂ ਅਤੇ ਵਪਾਰੀ ਇਸ ਮੀਟਿੰਗ ਵਿੱਚ ਮੌਜੂਦ ਸਨ।