ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਜੈਇੰਦਰਾ ਨੇ ਕੀਤਾ ਸਵਾਗਤ
ਜੀ ਐਸ ਪੰਨੂ
ਪਟਿਆਲਾ 20 ਮਈ, 2024 : ਕਾਂਗਰਸ ਦੇ ਸਾਬਕਾ ਕੌਂਸਲਰ ਬੌਬੀ ਗਰੋਵਰ ਅਤੇ ਕਾਂਗਰਸ ਦੀ ਸੀਨਿਅਰ ਮਹਿਲਾ ਨੇਤਾ ਮੋਨਿਕਾ ਗਰੋਵਰ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਸਮੇਤ ਕਰੀਬ 30 ਹੋਰ ਵਿਅਕਤੀਆਂ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਲਈ। ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਮੁਖੀ ਜੈਇੰਦਰਾ ਕੌਰ ਨੇ ਮੋਨਿਕਾ ਗਰੋਵਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਭਾਜਪਾ ਦੇ ਸਿਰੋਪਾਓ ਭੇਟ ਕੀਤੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਕਾਂਗਰਸ ਦੇ ਹੋਰ ਵੀ ਕਈ ਸੀਨੀਅਰ ਵਰਕਰ ਭਾਜਪਾ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਸੰਭਾਵਨਾ ਹੈ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਹੋਰ ਸਿਆਸੀ ਪਾਰਟੀਆਂ ਦੇ ਵਰਕਰ ਵੀ ਭਾਜਪਾ ਵਿੱਚ ਸ਼ਾਮਲ ਹੋ ਕੇ ਪਟਿਆਲਾ ਲੋਕ ਸਭਾ ਸੀਟ ਤੋਂ ਪ੍ਰਨੀਤ ਕੌਰ ਦੀ ਜਿੱਤ ਯਕੀਨੀ ਬਨਾਉਣਗੇ। ਦੂਜੇ ਪਾਸੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੋਨਕਾ ਗਰੋਵਰ ਨੇ ਵੀ ਜੈਇੰਦਰਾ ਕੌਰ ਨਾਲ ਵਾਅਦਾ ਕੀਤਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਨਰਿੰਦਰ ਮੋਦੀ ਦੀਆਂ ਗਾਰੰਟੀਆਂ ਬਾਰੇ ਜਾਣੂ ਕਰਵਾਉਣਗੇ, ਤਾਂ ਜੋ ਸ਼ਹਿਰ ਵਾਸੀ ਪ੍ਰਨੀਤ ਕੌਰ ਨੂੰ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਭਾਰਤੀ ਸੰਸਦ ਵਿੱਚ ਭੇਜ ਸਕਣ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਦਾ ਭਵਿੱਖ ਇਸ ਵੇਲੇ ਖਤਰੇ ਵਿੱਚ ਹੈ ਅਤੇ ਇਸਨੂੰ ਖਤਰੇ ਤੋਂ ਬਚਾਉਣ ਲਈ ਭਾਜਪਾ ਨੂੰ ਦੇਸ਼ ਵਿੱਚ ਮਜਬੂਤ ਕਰਨਾ ਜਰੂਰੀ ਹੋ ਗਿਆ ਹੈ।