ਰਾਜਪੁਰਾ ਕੋਲ ਮਹਾਰਾਣੀ ਦਾ ਵਿਰੋਧ ਕਰਦੇ ਕਿਸਾਨਾਂ ਚੋਂ ਇੱਕ ਦੀ ਮੌਤ, ਦੋਵੇਂ ਧਿਰਾਂ ਦੇ ਵੱਖ ਵੱਖ ਦਾਅਵੇ
ਰਾਜਪੁਰਾ, 4 ਮਈ 2024- ਅੱਜ ਸ਼ਨੀਵਾਰ ਨੂੰ ਰਾਜਪੁਰ ਨੇੜੇ ਪਿੰਡ ਸੇਹਰਾ ਵਿਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨਾਂ ਵਿਚੋਂ ਇੱਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਸੁਰਿੰਦਰਪਾਲ ਸਿੰਘ ਵਾਸੀ ਪਿੰਡ ਆਕੜੀ ਵਜੋਂ ਹੋਈ ਹੈ। ਘਟਨਾ ਸਥਾਨ ’ਤੇ ਪੁੱਜੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਨੂੰ ਕਤਲ ਕਰਾਰ ਦਿੰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੰਧੇਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਸੰਘਰਸ਼ ਮੋਰਚਾ ਦੇ ਕਿਸਾਨ ਆਗੂਆਂ ਨੂੰ ਬੁਲਾਇਆ ਗਿਆ ਹੈ। ਇਸ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਕਰਨ ਲਈ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ। ਦੂਜੇ ਪਾਸੇ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਕਿਸਾਨ ਨੂੰ ਧੱਕਾ ਨਹੀਂ ਦਿੱਤਾ ਗਿਆ, ਸਗੋਂ ਉਹ ਖੁਦ ਖੜ੍ਹਾ ਹੋ ਕੇ ਡਿੱਗ ਪਿਆ। ਭਾਜਪਾ ਨੇ ਇਸ ਦਾ ਵੀਡੀਓ ਵੀ ਜਾਰੀ ਕੀਤਾ ਹੈ।