ਲੋਕ ਸਭਾ ਚੋਣਾਂ ਵਿੱਚ ਦਿਖ ਰਹੀ ਹਾਰ ਨੇ ਆਪ ਦੇ ਮੁੱਖ ਮੰਤਰੀ ਦੀ ਚਿੰਤਾ ਵਧਾਈ: ਪ੍ਰੋ. ਚੰਦੂਮਾਜਰਾ
- ਆਪ ਸਰਕਾਰ ਦੀ ਢਾਈ ਸਾਲਾਂ ਦੀ ਕਾਰਗੁਜ਼ਾਰੀ ‘ਜ਼ੀਰੋ’
ਰੋਪੜ 10 ਮਈ 2024 - ਅੱਜ ਸ਼ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਰੋਪੜ ਦੇ ਪਿੰਡ ਗੜਬਾਗਾ ਵਿੱਚ ਸ. ਰਣਜੀਤ ਸਿੰਘ ਦੀ ਅਗਵਾਈ ਵਿੱਚ ਸ. ਤੇਜਿੰਦਰ ਸਿੰਘ ਦੇ ਘਰ ਰੱਖੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇ ਦੀ ਸੱਤਾਧਾਰੀ ਪਾਰਟੀ ਆਪ ਨੂੰ ਕਰੜ੍ਹੇ ਹੱਥੀਂ ਲੈਂਦਿਆ ਆਖਿਆ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਕਰਾਰੀ ਹਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ । ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸਿਆਸੀ ਪੰਡਿਤਾਂ ਵੱਲੋਂ ਆਪ ਪਾਰਟੀ ਲਈ ਕੀਤੀ ਜਾ ਰਹੀ ਭਵਿੱਖਬਾਣੀ ਭਵਿੱਖ ਵਿੱਚ ਮੁਸ਼ਕਿਲਾਂ ਪੈਦਾ ਕਰਨ ਵਾਲੀ ਹੈ। ਉਨ੍ਹਾਂ ਆਖਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਲਗਭਗ ਢਾਈ ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਸਰਕਾਰ ਦੀ ਪੰਜਾਬ ਦੇ ਵਿਕਾਸ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ‘ਚ ਕਾਰਗੁਜ਼ਾਰੀ ‘ਜ਼ੀਰੋ’ ਦੇ ਬਰਾਬਰ ਹੈ। ਉਨ੍ਹਾਂ ਆਖਿਆ ਕਿ ਦਿਨੋ ਦਿਨ ਨਿਘਾਰ ਵੱਲ ਜਾ ਰਹੀ ਆਮ ਆਦਮੀ ਪਾਰਟੀ ਦੇ ਵਰਕਰ ਆਪ ਛੱਡ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਭਾਜਪਾ ਦੀ ਤਰ੍ਹਾਂ ਆਪ ਪਾਰਟੀ ਦੇ ਲੀਡਰਾਂ ਨੂੰ ਵੀ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸੂਬੇ ਦੇ ਕਿਸਾਨ, ਨੌਜਵਾਨ, ਮੁਲਾਜ਼ਮਾਂ ਤੋਂ ਇਲਾਵਾ ਹਰ ਵਰਗ ਦੇ ਲੋਕ ਘੇਰ-ਘੇਰ ਕੇ ਸਵਾਲ ਪੁੱਛ ਰਹੇ ਹਨ, ਪਰ ਉਨ੍ਹਾਂ ਕੋਲ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ। ਅਕਾਲੀ ਉਮੀਦਵਾਰ ਨੇ ਆਖਿਆ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਮੁੱਖ ਮੰਤਰੀ ਦੁਆਰਾ ਖਰੜ, ਰੋਪੜ ਆਦਿ ਸ਼ਹਿਰਾਂ ਵਿੱਚ ਕੱਢੇ ਗਏ ਰੋਡ ਸ਼ੋਅ ਦੌਰਾਨ ਮੁਲਾਜ਼ਮਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਆਖਿਆ ਕਿ ਪ੍ਰੰਤੂ ਮੁੱਖ ਮੰਤਰੀ ਦੁਆਰਾ ਨੌਜਵਾਨਾਂ ਦੇ ਮੰਗ ਪੱਤਰ ਲੈਣ ਦੀ ਥਾਂ ਪੁਲਿਸ ਵੱਲੋਂ ਲਾਠੀਚਾਰਜ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਪ ਸਰਕਾਰ ਦੀ ਖਾਸਤਾ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਸੁਭਾਵਿਕ ਲਗਾਇਆ ਜਾ ਸਕਦਾ ਹੈ ਕਿ ਆਪ ਨੂੰ ਕੁੱਝ ਉਮੀਦਵਾਰ ਪੰਜਾਬ ਤੋਂ ਬਾਹਰ ਦੇ ਲਿਆ ਕੇ ਚੋਣ ਮੈਦਾਨ ਵਿੱਚ ਉਤਾਰਨੇ ਪਏ। ਉਨ੍ਹਾਂ ਆਖਿਆ ਕਿ ਪਹਿਲਾਂ ਆਪ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਪੰਜਾਬ ਤੋਂ ਬਾਹਰੀ ਰਾਜਾਂ ਦੇ ਲਿਆ ਕੇ ਸੂਬੇ ਦੇ ਲੋਕਾਂ ਦੇ ਉੱਪਰ ਥੋਪੇ ਗਏ। ਉਨ੍ਹਾਂ ਆਖਿਆ ਕਿ ਆਪ ਪਾਰਟੀ ਵੱਲੋਂ ਚੁਣਕੇ ਭੇਜੇ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਮਸਲਿਆਂ ਬਾਰੇ ਮੂੰਹ ਤੱਕ ਨਹੀਂ ਖੋਲ੍ਹਿਆ।
ਇਸ ਮੌਕੇ ਰਣਜੀਤ ਸਿੰਘ. ਤਜਿੰਦਰ ਸਿੰਘ , ਭਜਨ ਸਿੰਘ, ਲਖਵਿੰਦਰ ਸਿੰਘ, ਲੇਖ ਰਾਜ, ਸ.ਮੋਹਣਾ ਸਿੰਘ, ਜਗਤਾਰ ਸਿੰਘ, ਹੇਮ ਰਾਜ, ਦਲਬਾਰਾ ਸਿੰਘ, ਮਨਜੀਤ ਸਿੰਘ, ਸਵਰਨ ਸਿੰਘ, ਦਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ।