ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕੁੱਲ 60 ਨਾਮਜਦਗੀਆਂ ਹੋਈਆਂ
- 17 ਮਈ ਨੂੰ ਘੋਸ਼ਿਤ ਕੀਤੇ ਜਾਣਗੇ ਚੋਣ ਅਖਾੜੇ ਦੇ ਪਹਿਲਵਾਨ, ਦਰਜਨ ਦੇ ਕਰੀਬ ਉਮੀਦਵਾਰਾਂ ਦੇ ਚੋਣ ਲੜਨ ਦੀ ਉਮੀਦ
ਰੋਹਿਤ ਗੁਪਤਾ
ਗੁਰਦਾਸਪੁਰ, 14 ਮਈ 2024 - ਲੋਕ ਸਭਾ ਚੋਣਾਂ-2024 ਲਈ ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਲੋਕ ਸਭਾ ਹਲਕਾ ਗੁਰਦਾਸਪੁਰ ਲਈ 15 ਹੋਰ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਇਸ ਤੋਂ ਪਹਿਲਾਂ ਵੱਖ-ਵੱਖ ਉਮੀਦਵਾਰਾਂ ਵੱਲੋਂ 45 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਅਤੇ ਇਸ ਤਰ੍ਹਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕੁੱਲ 60 ਨਾਮਜ਼ਦਗੀ ਪੱਤਰ ਭਰੇ ਗਏ ਹਨ। ਚਰਚਾ ਹੈ ਕਿ ਇਸ ਵਾਰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਰਜਨ ਦੇ ਕਰੀਬ ਉਮੀਦਵਾਰਾਂ ਦੇ ਮੈਦਾਨ ਵਿੱਚ ਉਤਰਨ ਦੀ ਉਮੀਦ ਹੈ ,ਜਿਨਾਂ ਵਿੱਚੋਂ ਮੁੱਖ ਮੁਕਾਬਲਾ ਚਾਰ ਪਾਰਟੀਆਂ ਦੇ ਦਰਮਿਆਨ ਰਹੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ, ਲੋਕ ਸਭਾ ਹਲਕਾ 01-ਗੁਰਦਾਸਪੁਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਉਮੀਦਵਾਰਾਂ ਵੱਲੋਂ 15 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ, ਜਿਨਾਂ ਵਿੱਚ ਅਜ਼ਾਦ ਉਮੀਦਵਾਰ ਰਮਨ, ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਊਸ਼ਾ ਰਾਣੀ, ਅਜ਼ਾਦ ਉਮੀਦਵਾਰ ਸੰਤ ਸੇਵਕ, ਆਲ ਇੰਡੀਆ ਫਾਰਮਰਜ਼ ਪਾਰਟੀ ਦੇ ਉਮੀਦਵਾਰ ਸੰਜੀਵ ਸਿੰਘ ਨੇ ਚਾਰ ਨਾਮਜ਼ਦਗੀ ਪੱਤਰ, ਸ਼੍ਰੋਮਣੀ ਅਕਾਲੀ ਦਲ ਮਾਨ (ਅੰਮ੍ਰਿਤਸਰ) ਦੀ ਉਮੀਦਵਾਰ ਨਿਰਮਲਜੀਤ ਕੌਰ ਨੇ 2 ਨਾਮਜ਼ਦਗੀ ਪੱਤਰ, ਅਜ਼ਾਦ ਉਮੀਦਵਾਰ ਤਿਲਕ ਰਾਜ, ਅਜ਼ਾਦ ਉਮੀਦਵਾਰ ਕੁਸਮ ਰਾਣੀ, ਭਾਰਤੀਯ ਜਵਾਨ ਕਿਸਾਨ ਪਾਰਟੀ ਦੇ ਉਮੀਦਵਾਰ ਰਮੇਸ਼ ਕੁਮਾਰ, ਮੇਘਾ ਦੇਸ਼ਮ ਪਾਰਟੀ ਦੀ ਉਮੀਦਵਾਰ ਸੰਤੋਸ਼ ਕੁਮਾਰੀ, ਹਿੰਦੋਸਤਾਨ ਜਨਤਾ ਪਾਰਟੀ ਦੇ ਉਮੀਦਵਾਰ ਦੇਸ ਰਾਜ ਅਤੇ ਅਜ਼ਾਦ ਉਮੀਦਵਾਰ ਸੰਤੋਸ਼ ਕੌਰ ਸ਼ਾਮਲ ਸਨ।
ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ 7 ਮਈ ਨੂੰ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਅਜ਼ਾਦ ਉਮੀਦਵਾਰ ਤਰਸੇਮ ਮਸੀਹ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ। ਇਸ ਤੋਂ ਅਗਲੇ ਦਿਨ 8 ਮਈ ਨੂੰ ਅਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਉਮੀਦਵਾਰ ਯਸ਼ ਪਾਲ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ।
ਉਨ੍ਹਾਂ ਦੱਸਿਆ ਕਿ 9 ਮਈ ਨੂੰ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ ਗਏ ਸਨ। ਇਸ ਤੋਂ ਅਗਲੇ ਦਿਨ 10 ਮਈ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ 2 ਨਾਮਜ਼ਦਗੀ ਪੱਤਰ, ਜਤਿੰਦਰ ਕੌਰ ਵੱਲੋਂ ਕਾਂਗਰਸ ਪਾਰਟੀ ਦੀ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਦਾਖ਼ਲ ਕਰਵਾਏ ਗਏ। ਇਸ ਤੋਂ ਇਲਾਵਾ ਅਜ਼ਾਦ ਉਮੀਦਵਾਰ ਸੰਜੀਵ ਮਨਹਾਸ, ਅਜ਼ਾਦ ਉਮੀਦਵਾਰ ਰੋਬੀ ਮਸੀਹ, ਜਨ ਸੇਵਾ ਡਰਾਈਵਰ ਪਾਰਟੀ ਦੇ ਉਮੀਦਵਾਰ ਰਣਜੋਧ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਵੱਲੋਂ 4 ਨਾਮਜ਼ਦਗੀ ਪੱਤਰ, ਭਾਰਤੀ ਜਨਤਾ ਪਾਰਟੀ ਦੀ ਕਵਰਿੰਗ ਉਮੀਦਵਾਰ ਮੀਨਾ ਨੇ 2 ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸੇ ਹੀ ਦਿਨ ਅਜ਼ਾਦ ਉਮੀਦਵਾਰ ਅਮਿਤ ਅਗਰਵਾਲ ਅਤੇ ਅਜ਼ਾਦ ਉਮੀਦਵਾਰ ਸੈਮੂਅਲ ਸੋਨੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਮਿਤੀ 11 ਮਈ (ਸ਼ਨੀਵਾਰ) ਅਤੇ 12 ਮਈ (ਐਤਵਾਰ) ਨੂੰ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਏ ਸਨ।
ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਿਤੀ 13 ਮਈ ਨੂੰ 29 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ਵਿੱਚ ਅਜ਼ਾਦ ਉਮੀਦਵਾਰ ਬਲਜਿੰਦਰ ਸਿੰਘ, ਨੈਸ਼ਨਲ ਜਸਟਿਸ ਪਾਰਟੀ ਦੇ ਉਮੀਦਵਾਰ ਦਰਬਾਰਾ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ। ਇਸੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੇ 3 ਨਾਮਜ਼ਦਗੀ ਪੱਤਰ ਭਰੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਹੀ ਕਵਰਿੰਗ ਉਮੀਦਵਾਰ ਆਸਦੀਪ ਸਿੰਘ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅਜ਼ਾਦ ਉਮੀਦਵਾਰ ਜਗਦੀਸ਼ ਮਸੀਹ, ਸੱਚੋ ਸੱਚ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਰਿਟਰਨਿੰਗ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਵੱਲੋਂ 4 ਨਾਮਜ਼ਦਗੀ ਪੱਤਰ ਅਤੇ ਆਮ ਆਦਮੀ ਪਾਰਟੀ ਦੀ ਕਵਰਿੰਗ ਉਮੀਦਵਾਰ ਰਾਜਬੀਰ ਕੌਰ ਨੇ 4 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ ਬਾਜਵਾ, ਭਾਰਤੀਯ ਰਾਸ਼ਟਰੀ ਦਲ ਦੇ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ, ਅਜ਼ਾਦ ਉਮੀਦਵਾਰ ਸੁਰਿੰਦਰ ਸਿੰਘ, ਅਜ਼ਾਦ ਉਮੀਦਵਾਰ ਆਈ.ਐੱਸ. ਗੁਲਾਟੀ, ਅਜ਼ਾਦ ਉਮੀਦਵਾਰ ਸੁਰਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ, ਅਜ਼ਾਦ ਉਮੀਦਵਾਰ ਰਮੇਸ਼ ਲਾਲ, ਅਜ਼ਾਦ ਉਮੀਦਵਾਰ ਸਤਨਾਮ ਸਿੰਘ, ਅਜ਼ਾਦ ਉਮੀਦਵਾਰ ਫੁਲਵੰਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਦੇ ਉਮੀਦਵਾਰ ਗੁਰਿੰਦਰ ਸਿੰਘ ਨੇ 4 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ 15 ਮਈ ਨੂੰ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 17 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।