ਸੂਬਾ ਸਰਕਾਰ ਨੇ ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਦੀ ਤਿਆਰੀ ਵਿੱਢੀ: ਪ੍ਰੋ. ਚੰਦੂਮਾਜਰਾ
ਮੋਹਾਲੀ 17 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਮੋਹਾਲੀ ਦੇ ਪਿੰਡ ਮੋਟੇਮਾਜਰਾ ਅਤੇ ਮੌਲੀ ਬੈਦਵਾਣ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਂਨ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਉਤੇ ਦੋਸ਼ ਲਾਇਆ ਹੈ ਕਿ ਉਸ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਦਿੱਲੀ ਤੇ ਹੋਰ ਸੂਬਿਆਂ ਨੂੰ ਦੇਣ ਦੀ ਤਿਆਰੀ ਕਰ ਲਈ ਹੈ।
ਹਲਕਾ ਮੋਹਾਲੀ ਦੇ ਪਿੰਡ ਮੋਟੇਮਾਜਰਾ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਖੇਤਾਂ ਨੂੰ 100 ਫੀਸਦੀ ਨਹਿਰੀ ਪਾਣੀ ਮਿਲਣ ਸੰਬੰਧੀ ਜਾਅਲੀ ਅੰਕੜੇ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਇਹ ਸਿਧ ਕੀਤਾ ਜਾ ਸਕੇ ਕਿ ਪੰਜਾਬ ਕੋਲ ਆਪਣੀ ਲੋੜ ਤੋਂ ਵਾਧ ਪਾਣੀ ਉਪਲਭਦ ਹੈ। ਉਹਨਾਂ ਕਿਹਾ ਮੁੱਖ ਮੰਤਰੀ ਮਾਨ ਵਲੋਂ ਇਹ ਚਾਲ ਕੇਂਦਰ ਸਰਕਾਰ ਨਾਲ ਮਿਲਕੇ ਚੱਲੀ ਜਾ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਇਸ ਸਬੰਧੀ ਵਿਸਥਾਰ ਵਿਚ ਦਸਦਿਆਂ ਕਿਹਾ ਕਿ ਸੂਬਾ ਸਰਕਾਰ ਨਹਿਰੀ ਪਟਵਾਰੀਆਂ ਉੱਪਰ ਗਲਤ ਅੰਕੜੇ ਬਣਾਉਣ ਲਈ ਦਬਾਅ ਪਾ ਰਹੀ ਹੈ। ਉਹਨਾਂ ਆਖਿਆ ਕਿ ਪੰਜਾਬ ਵਿੱਚੋਂ ਕਰੀਬ 17 ਹਜ਼ਾਰ ਨਹਿਰੀ ਖਾਲਿਆਂ ਦੀ ਹੋਂਦ ਹੀ ਮਿੱਟ ਜਾਣ ਦੇ ਬਾਵਜੂਦ ਵੀ ਸਰਕਾਰ 100 ਫੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਹੋਣ ਦੇ ਝੂਠੇ ਦਾਅਵੇ ਪੇਸ਼ ਕਰਨ ਲਈ ਅੰਕੜੇ ਤਿਆਰ ਕਰਵਾ ਰਹੀ ਹੈ। ਉਹਨਾਂ ਅੱਗੇ ਆਖਿਆ ਕਿ ਸਰਕਾਰ ਦੀ ਇਹ ਚਾਲ ਸੂਬੇ ਲਈ ਮਹਿੰਗੀ ਪਾਵੇਗੀ।
ਅਕਾਲੀ ਆਗੂ ਨੇ ਆਖਿਆ ਕਿ ਆਪ ਸਰਕਾਰ ਦੁਆਰਾ ਸੂਬੇ ਦੇ ਕਿਸਾਨਾਂ ਨਾਲ ਕੀਤੇ ਜਾ ਰਹੇ ਇਸ ਵਿਸ਼ਵਾਸ਼ਘਾਤ ਦਾ ਮਾੜਾ ਅਸਰ ਸਿੱਧਾ ਐੱਸਵਾਈਐੱਲ ਕੇਸ ਉੱਤੇ ਪਵੇਗਾ ਜਿਸ ਨਾਲ ਸੁਪਰੀਮ ਕੋਰਟ ਵਿੱਚ ਪੰਜਾਬ ਦਾ ਪੱਖ ਕਮਜ਼ੋਰ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਸੂਬੇ ਲਈ ਵੱਡੀ ਅਹਿਮੀਅਤ ਰੱਖਦਾ ਹੈ ਕਿਉਂਕਿ ਪੰਜਾਬ ਦੇ ਪਾਣੀਆਂ ਦਾ ਤੁਅੱਲਕ ਸਿੱਧਾ ਕਿਸਾਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।
ਪ੍ਰੋ. ਚੰਦੂਮਾਜਰਾ ਨੇ ਪੰਜਾਬ ਸਰਕਾਰ ਵਲੋਂ ਪਾਣੀ ਟੈਕਸ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਤੋਂ ਪਾਣੀ ਦਾ ਸੈੱਸ ਉਗਰਾਹ ਕਿ ਮੋਟੀ ਕਮਾਈ ਕਰਨਾ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ 14 ਮਈ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੁਆਰਾ ਸੂਬਾ ਸਰਕਾਰ ਨੇ ਕਿਸਾਨਾਂ ਤੋਂ 326 ਕਰੋੜ ਰੁਪਏ ਵਸੂਲਣ ਦੇ ਹੁਕਮ ਦੇ ਦਿੱਤੇ ਹਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਜਲ ਸੈੱਸ ਖ਼ਤਮ ਕਰਕੇ ਨਹਿਰੀ ਪਾਣੀ ਦੇ ‘ਜ਼ੀਰੋ ਬਿੱਲ’ ਲਿਆਉਣ ਵਾਲੀ ਸਰਕਾਰ ਹੁਣ ਕਿਸਾਨਾਂ ਦੀਆਂ ਜੇਬਾਂ ਕੁਤਰਨ ਦੀ ਵਿਉਂਤਬੰਦੀ ਕਰ ਰਹੀ ਹੈ।
ਇਸ ਮੌਕੇ ਹਲਕਾ ਇੰਚਾਰਜ਼ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ, ਐੱਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਡਰਾਂ, ਐੱਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਬਲਵਿੰਦਰ ਸਿੰਘ ਮੋਟੇਮਾਜਰਾ, ਬਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਪਾਲ ਸਿੰਘ ਮੋਟੇਮਾਜਰਾ, ਹਰਪਾਲ ਸਿੰਘ ਬਠਲਾਣਾ, ਗਗਨ ਬੈਦਮਾਣ, ਜਸਵੀਰ ਸਿੰਘ ਜੱਸੀ ਕਰੜਾ, ਪ੍ਰਿਤਪਾਲ ਸਿੰਘ ਕੁਰੜੀ, ਨੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।