ਸੂਬੇ ਦੀ ਅਫਸਰਸ਼ਾਹੀ ਲੋਕਰਾਜ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਧਮਕਾਉਣਾ ਬੰਦ ਕਰੇ - ਪ੍ਰੋ. ਚੰਦੂਮਾਜਰਾ
- ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਆਪ’ ਵਿੱਚ ਘਬਰਾਹਟ
ਮੋਹਾਲੀ 9 ਮਈ 2024 - ਅੱਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਸੂਬਾ ਸਰਕਾਰ ਸ਼ਰੋਮਣੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ ਵਿੱਚ ਹੋ ਰਹੀ ਵੱਡੀ ਜਿੱਤ ਦੇ ਡਰ ਤੋਂ ਘਬਰਾ ਚੁੱਕੀ ਹੈ। ਉਨਾਂ ਆਖਿਆ ਕਿ ਆਪ ਪਾਰਟੀ ਦੁਆਰਾ ਸੂਬੇ ਦੀ ਅਫ਼ਸਰਸ਼ਾਹੀ ਨੂੰ ਅੱਗੇ ਲਗਾਕੇ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚਾਂ ਤੇ ਪੰਚਾਂ ਨੂੰ ਤੰਗ ਪਰੇਸ਼ਾਨ ਕਰਨਾ ਇਸ ਘਬਰਾਹਟ ਦਾ ਹੀ ਨਤੀਜਾ ਹੈ। ਉਨ੍ਹਾਂ ਆਖਿਆ ਕਿ ਲੋਕਰਾਜ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਫ਼ਸਰਾਂ ਵੱਲੋਂ ਡਰਾਉਣਾ ਧਮਕਾਉਣਾ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰਨਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਇਸ਼ਾਰਿਆਂ ‘ਤੇ ਅਫ਼ਸਰਸ਼ਾਹੀ ਦੁਆਰਾ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਕੇ ਅਕਾਲੀ ਦਲ ਦੇ ਸਾਬਕਾ ਸਰਪੰਚਾਂ ਨੂੰ ਡਰਾਉਣਾ ਆਦਰਸ਼ ਚੋਣ ਜਾਬਤੇ ਦੀ ਵੀ ਉਲੰਘਣਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਘਬਰਾਈ ਆਪ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਸਰਕਾਰ ਦੇ ਦਬਾਅ ਹੇਠ ਆਕੇ ਅਕਾਲੀ ਵਰਕਰਾਂ ਅਤੇ ਸਰਪੰਚਾਂ ਨੂੰ ਤੰਗ ਕਰਨ ਵਾਲੇ ਅਫ਼ਸਰਾਂ ਦੀ ਲਿਖਤੀ ਸ਼ਿਕਾਇਤ ਮੁੱਖ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਨੂੰ ਤੰਗ ਕਰੇਗਾ, ਉਸਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਦੂਜੇ ਪਾਸੇ ਸੂਬੇ ਵਿੱਚ ਕੁਝ ਅਜਿਹੀ ਅਫ਼ਸਰਸ਼ਾਹੀ ਹੈ ਜੋ ਆਪਣੀ ਡਿਊਟੀ ਸਰਕਾਰ ਦੇ ਬਿਨ੍ਹਾਂ ਕਿਸੇ ਡਰ ਜਾਂ ਭੈਅ ਤੋਂ ਇਮਾਨਦਾਰੀ ਨਾਲ ਕਰ ਰਹੇ ਹਨ। ਪ੍ਰੰਤੂ ਸੂਬੇ ਦੇ ਕੁਝ ਅਫ਼ਸਰ ਆਪਣੇ ਨਿੱਜੀ ਲਾਲਚਾ ਅਤੇ ਮੁਫਾਦਾਂ ਕਰਕੇ ਸਰਕਾਰ ਦੀ ਬੋਲੀ ਬੋਲਣ ਲੱਗੇ ਹੋਏ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੰਦ ਕੁ ਦਿਨਾਂ ਦੀ ਪ੍ਰਾਹੁਣੀ ਹੈ। ਉਨ੍ਹਾਂ ਆਖਿਆ ਅਕਾਲੀ ਦਲ ਦੇ ਸਰਪੰਚਾਂ ਅਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਹੋ ਰਹੀਆਂ ਵਧੀਕੀਆਂ ਦਾ ਹਿਸਾਬ ਜਰੂਰ ਲਿਆ ਜਾਵੇਗਾ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਉੱਤੇ ਖਰ੍ਹੀ ਨਾ ਉਤਰਨ ਕਰਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਸਤਾ ਹਾਲਾਤ ਵਿੱਚ ਹੈ। ਉਨ੍ਹਾਂ ਆਖਿਆ ਕਿ ਹਾਰ ਦੇ ਡਰ ਤੋਂ ਘਬਰਾਈ ਹੋਈ ਸਰਕਾਰ ਵੱਲੋਂ ਪੰਚਾਇਤ ਚੋਣਾਂ ਨੂੰ ਵੀ ਠੰਡੇ ਬਸਤੇ ਪਾਇਆ ਹੋਇਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਦਿਨੋਂ ਦਿਨ ਵੱਧ ਰਹੇ ਗ੍ਰਾਫ ਨੇ ਸੂਬਾ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਪ੍ਰੋ.ਚੰਦੂਮਾਜਰਾ ਨੇ ਆਖਿਆ ਕਿ ਇਸ ਹਾਰ ਦੇ ਡਰ ਤੋਂ ਸਤਾਈ ਹੋਈ ਸਰਕਾਰ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਕਿੜ ਕੱਢਣ ਖਾਤਰ ਸ਼ਕਤੀ ਅਤੇ ਜ਼ਬਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪਰ ਅਕਾਲੀ ਕਦੇ ਵੀ ਘਰਾਂ ਵਿੱਚ ਚੁੱਪ ਬੈਠ ਕੇ ਸਰਕਾਰ ਦੇ ਜ਼ਬਰ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਆਪ ਪਾਰਟੀ ਦੇ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਦਬਾਅ ਦੀ ਪ੍ਰਵਾਹ ਕਰੇ ਬਗੈਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸਰਕਾਰ ਦਾ ਤਖਤ ਜਰੂਰ ਪਲਟਣਗੇ।