‘ਇਨਕਲਾਬ ਜਿੰਦਾਬਾਦ’ ਦੇ ਨਾਅਰਿਆਂ ਅਤੇ ਵੱਡੇ ਲਾਮ ਲਸ਼ਕਰ ਨਾਲ ਕਰਮਜੀਤ ਅਨਮੋਲ ਵੱਲੋਂ ਨਾਮਜਦਗੀ ਪੱਤਰ ਦਾਖਲ
- ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਮਲਕੀਤ ਰੌਣੀ, ਭੋਲਾ ਯਮਲਾ ਸਮੇਤ ਕਈ ਸਾਥੀ ਕਲਾਕਾਰਾਂ ਨੇ ਦਿੱਤਾ ਸਾਥ
- ਕੋਟਕਪੂਰਾ ਤੋਂ ਫਰੀਦਕੋਟ ਤੱਕ ਕਰਮਜੀਤ ਅਨਮੋਲ ਦਾ ਥਾਂ-ਥਾਂ ‘ਤੇ ਫੁੱਲਾਂ ਨਾਲ ਕੀਤਾ ਸਵਾਗਤ
ਦੀਪਕ ਗਰਗ
ਕੋਟਕਪੂਰਾ, 14 ਮਈ 2024 :- ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਮੰਗਲਵਾਰ ਨੂੰ ਨਾਮਜਦਗੀ ਪੱਤਰ ਦਾਖਲ ਕਰ ਦਿੱਤੀ ਹੈ। ਪਾਰਟੀ ਨੇ ਟਕਸਾਲੀ ਆਪ ਆਗੂ ਪਿਆਰਾ ਸਿੰਘ ਬੱਧਨੀ ਨੂੰ ਕਰਮਜੀਤ ਅਨਮੋਲ ਦਾ ਕਵਰਿੰਗ ਕੈਂਡੀਡੇਟ ਬਣਾਇਆ ਹੈ। ਕਰਮਜੀਤ ਅਨਮੋਲ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਦੁਪਹਿਰ ਕਰੀਬ 2 ਵਜੇ ਆਪਣੇ ਕਾਗਜ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਬਿਨੂੰ ਢਿੱਲੋਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਐਡਵੋਕੇਟ ਵਰਿੰਦਰ ਰੱਤੀਆਂ ਅਤੇ ਐਡਵੋਕੇਟ ਕਮਲਪ੍ਰੀਤ ਬਾਵਾ ਮੌਜੂਦ ਸਨ। ਡਿਪਟੀ ਕਮਿਸ਼ਨਰ ਦੇ ਦਫਤਰ ਜਾਣ ਤੋਂ ਪਹਿਲਾਂ ਕਰਮਜੀਤ ਅਨਮੋਲ ਨੇ ਦਾਣਾ ਮੰਡੀ ਕੋਟਕਪੂਰਾ ਤੋਂ ਫਰੀਦਕੋਟ ਤੱਕ ਵਿਸ਼ਾਲ ਰੋਡ ਸ਼ੋਅ ਦੀ ਅਗਵਾਈ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਫਿਲਮ ਜਗਤ ਦੇ ਨਾਮਵਰ ਸਿਤਾਰੇ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਮਲਕੀਤ ਰੌਣੀ, ਭੋਲਾ ਯਮਲਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਲੋਕ ਸਭਾ ਹਲਕੇ ਦੇ ਸਾਰੇ ਵਿਧਾਇਕ ਮੌਜੂਦ ਸਨ। ਇਨਾ ਵਿਧਾਇਕਾਂ ਵਿੱਚ ਦਵਿੰਦਰਜੀਤ ਸਿੰਘ ਲਾਡੀ ਢੋਂਸ, ਮਨਜੀਤ ਸਿੰਘ ਬਿਲਾਸਪੁਰ, ਡਾ. ਅਮਨਦੀਪ ਕੌਰ ਅਰੋੜਾ, ਬਲਕਾਰ ਸਿੱਧੂ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਅਮੋਲਕ ਸਿੰਘ ਅਤੇ ਗਿੱਦੜਬਾਹਾ ਤੋਂ ਹਲਕਾ ਇੰਚਾਰਜ ਪਿ੍ਰਤਪਾਲ ਸ਼ਰਮਾ ਸ਼ਾਮਿਲ ਸਨ।
ਸਾਰੇ ਵਿਧਾਇਕ ਅਤੇ ਪਾਰਟੀ ਲੀਡਰ ਆਪਣੇ-ਆਪਣੇ ਕਾਫਲਿਆਂ ਨਾਲ ਸਵੇਰੇ ਦਾਣਾ ਮੰਡੀ ਕੋਟਕਪੂਰਾ ਵਿਖੇ ਇਕੱਠੇ ਹੋਏ। ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਫਰੀਦਕੋਟ ਹਲਕੇ ਦੀ ਕਾਇਆ-ਕਲਪ ਕਰਨ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਇਸ ਪਵਿੱਤਰ ਧਰਤੀ ਨੂੰ ਹਰੀ ਭਰੀ ਅਤੇ ਸਾਫ ਸੁਥਰੀ ਬਣਾਉਣਾ ਪਹਿਲੀ ਤਰਜੀਹ ਹੈ। ਇਸ ਮੌਕੇ ਕਰਮਜੀਤ ਅਨਮੋਲ ਨੇ ਸਾਰੇ ਵਰਗਾਂ ਦੀ ਖੁਸ਼ਹਾਲੀ ਲਈ ਪੂਰੇ ਹਲਕੇ ਵਿੱਚ ਖੇਤੀਬਾੜੀ ‘ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ, ਨੌਜਵਾਨਾਂ ਲਈ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਖੇਡਾਂ ਲਈ ਸਟੇਡੀਅਮ ਸਥਾਪਿਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਤਜਵੀਜਤ ਮਾਲਵਾ ਨਹਿਰ ਦੀ ਉਸਾਰੀ ਤੇਜੀ ਨਾਲ ਕਰਾਉਣ ਦਾ ਵਾਅਦਾ ਵੀ ਫਰੀਦਕੋਟ ਹਲਕੇ ਨਾਲ ਕੀਤਾ। ਇਸ ਤੋਂ ਇਲਾਵਾ ਫਰੀਦਕੋਟ ਦੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਨੂੰ ਪੀਜੀਆਈ ਚੰਡੀਗੜ੍ਹ ਦੇ ਬਰਾਬਰ ਲੈ ਕੇ ਜਾਣ ਦਾ ਅਹਿਦ ਵੀ ਲਿਆ।
ਅਨਮੋਲ ਨੇ ਫਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸਹਿਰ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਫਰੀਦਕੋਟ ਦਾ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਵੀ ਕਾਫੀ ਵੱਡਾ ਨਾਮ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੰਕਲਪ ਮੁਤਾਬਿਕ ਫਰੀਦਕੋਟ ਨੂੰ ਸਕੂਲੀ ਅਤੇ ਉੱਚ ਸਿੱਖਿਆ ਵਿੱਚ ਪੰਜਾਬ ਦਾ ਨੰਬਰ ਇੱਕ ਕੇਂਦਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਲਟਕੀ ਕੋਟਕਪੂਰਾ-ਮੋਗਾ ਰੇਲ ਲਿੰਕ ਨੂੰ ਸਿਰੇ ਚੜ੍ਹਾਉਣ ਦੀ ਗੱਲ ਵੀ ਕਰਮਜੀਤ ਅਨਮੋਲ ਨੇ ਕੀਤੀ। ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਪਾਰਲੀਮੈਂਟ ’ਚ ਗਰੀਬਾਂ, ਕਿਸਾਨਾਂ, ਮਜਦੂਰਾਂ, ਵਪਾਰੀਆਂ-ਕਾਰੋਬਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਧੜੱਲੇ ਨਾਲ ਉਠਾਉਣਗੇ। ਕਰਮਜੀਤ ਅਨਮੋਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਖੇਤਰ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਬਣਨ ਦੀ ਸੂਰਤ ਵਿੱਚ ਉਹ ਜਿੱਥੇ ਕੇਂਦਰ ਤੋਂ ਫਰੀਦਕੋਟ ਲਈ ਵੱਡੇ ਪ੍ਰੋਜੈਕਟ ਅਤੇ ਫੰਡ ਲੈ ਕੇ ਆਉਣਗੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਫਰੀਦਕੋਟੀਆਂ ਲਈ ਮੂੰਹ ਮੰਗੀਆਂ ਸਕੀਮਾਂ ਅਤੇ ਗਰਾਂਟਾਂ ਵੀ ਲੈ ਕੇ ਆਉਣਗੇ। ਕਰਮਜੀਤ ਅਨਮੋਲ ਨੇ ਕਿਹਾ ਕਿ ਚੌਥੇ ਪੜਾਅ ਦੀਆਂ ਵੋਟਾਂ ਉਪਰੰਤ ਦੇਸ਼ ਦੀ ਸਿਆਸੀ ਫਿਜਾ ਬਦਲਣ ਲੱਗੀ ਹੈ।
ਮੀਡੀਆ ਦਾ ਇੱਕ ਹਿੱਸਾ ਅਤੇ ਸਰਵੇ ਸਰਵੇਖਣ ਇੰਡੀਆ ਗੱਠਜੋੜ ਦੀ ਸਰਕਾਰ ਬਣਾ ਰਹੇ ਹਨ। ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਭਗਵੰਤ ਸਿੰਘ ਮਾਨ ਦੇ ਦੋ ਚਾਰ ਸਿਪਾਹੀ ਵੀ ਕੇਂਦਰੀ ਮੰਤਰੀ ਜਰੂਰ ਬਣਨਗੇ। ਇਸ ਲਈ ਭਗਵੰਤ ਮਾਨ ਦੇ ਮਿਸ਼ਨ 13-0 ਵਿੱਚ ਫਰੀਦਕੋਟ ਪਹਿਲੇ ਨੰਬਰ ’ਤੇ ਆਉਣਾ ਚਾਹੀਦਾ ਹੈ। ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਚੋਣਾਂ ਆਮ ਚੋਣਾਂ ਨਹੀਂ ਹਨ। ਇਹ ਚੋਣਾਂ ਮੋਦੀ ਸਰਕਾਰ ਦੇ ਜਬਰ ਅਤੇ ਜੁਲਮ ਵਿਰੁੱਧ ਇੱਕ ਜੰਗ ਹੈ ਤਾਂ ਕਿ ਲੋਕਤੰਤਰ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਫਕਰ ਵਾਲੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਹ ਜੰਗ ਮੂਹਰੇ ਹੋ ਕੇ ਲੜ ਰਹੇ। ਇਸ ਉਪਰੰਤ ਸੈਂਕੜੇ ਕਾਰਾਂ ਮੋਟਰਸਾਈਕਲਾਂ ਅਤੇ ਟਰੈਕਟਰ ਦੇ ਕਾਫਲੇ ਨਾਲ ਕਰਮਜੀਤ ਅਨਮੋਲ ਫਰੀਦਕੋਟ ਨੂੰ ਰਵਾਨਾ ਹੋਏ। ਕੋਟਕਪੂਰਾ ਸੰਧਵਾਂ ਅਤੇ ਫਰੀਦਕੋਟ ਦੇ ਬਾਜਾਰਾਂ ਵਿੱਚ ਦੁਕਾਨਦਾਰਾਂ ਅਤੇ ਲੋਕਾਂ ਨੇ ਕਾਫਲੇ ’ਤੇ ਫੁੱਲਾਂ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ।
ਇਸ ਕਾਫਲੇ ਦੀ ਸਮਾਪਤੀ ਦਾਣਾ ਮੰਡੀ ਫਰੀਦਕੋਟ ਵਿਖੇ ਹੋਈ। ਇਸ ਉਪਰੰਤ ਕਰਮਜੀਤ ਅਨਮੋਲ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਵਿੱਚ ਨਾਮਜਦਗੀ ਦਾਖਲ ਕਰਾਉਣ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾ ਆਗੂਆਂ ਤੋਂ ਇਲਾਵਾ ਗੀਤਕਾਰ ਅਤੇ ਗਾਇਕ ਰਾਜ ਤਿਵਾੜੀ, ਅਦਾਕਾਰ ਬਲਕਰਨ ਬਰਾੜ, ਜਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖੋਸਾ, ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ, ਚੇਅਰਮੈਨ ਸੁਖਵਿੰਦਰ ਸਿੰਘ ਕਾਉਣੀ, ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਇੰਦਰਜੀਤ ਸਿੰਘ ਮਾਨ, ਬਲਜੀਤ ਸਿੰਘ ਚਾਨੀ ਮੇਅਰ ਮੋਗਾ, ਡਾਇਰੈਕਟਰ ਚਰਨਜੀਤ ਸਿੰਘ ਧਾਲੀਵਾਲ, ਚੇਅਰਮੈਨ ਦੀਪਕ ਅਰੋੜਾ ਆਦਿ ਲੀਡਰ ਵੀ ਹਾਜਰ ਸਨ।