ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਸਿਹਤ ਵਿਭਾਗ ਨੂੰ ਆਈਸੋਲੇਸ਼ਨ ਗਾਊਨ ਦਿੱਤੇ
ਅਸ਼ੋਕ ਵਰਮਾ
ਬਠਿੰਡਾ,10ਜੂਨ2021:ਰੈਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਦੀ ਅਗਵਾਈ ਹੇਠ ਕੋਰੋਨਾ ਤੋਂ ਬਚਾਓ ਲਈ ਮੈਡੀਕਲ ਸਟਾਫ ਵਾਸਤੇ ਅੱਜ ਸਿਵਲ ਹਸਪਤਾਲ ਬਠਿੰਡਾ ਨੂੰ 400 ਆਈਸੋਲੇਸ਼ਨ ਗਾਊਨ ਦਿੱਤੇ ਗਏ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ.ਮਨਿੰਦਰ ਪਾਲ ਸਿੰਘ ਨੂੰ ਇਹ ਸਮਾਨ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਸਪੁਰਦ ਕੀਤਾ। ਐਸਐਮਓ ਡਾ.ਮਨਿੰਦਰ ਪਾਲ ਸਿੰਘ ਨੇ ਰੈਡ ਕਰਾਸ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਸਮੇਂ ਸੁਸਾਇਟੀ ਕੋਵਿਡ ਦੀ ਰੋਕਥਾਮ ਸੰਬੰਧੀ ਰਿਲੀਫ ਮੈਟੀਰੀਅਲ ਦੇ ਕੇ ਯੋਗਦਾਨ ਪਾ ਰਹੀ ਹੈ।
ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਦੱਸਿਆ ਕਿ ਭਾਰਤੀ ਰੈੱਡ ਕਰਾਸ ਸੁਸਾਇਟੀ ਵੱਲੋਂ ਭੇਜੀ ਜਾਂਦੀ ਰਾਹਤ ਸਮੱਗਰੀ ਪੰਜਾਬ ਰੈੱਡ ਕਰਾਸ ਸ਼ਾਖਾ ਚੰਡੀਗੜ੍ਹ ਰਾਹੀਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀਜ਼ ਨੂੰ ਭੇਜੀ ਜਾਂਦੀ ਹੈ। ਇਹ ਰਾਹਤ ਸਮੱਗਰੀ ਅੱਗੇ ਲੋੜਵੰਦਾਂ ਨੂੰ ਵੰਡ ਦਿੱਤੀ ਜਾਂਦੀ ਹੈ ਤਾਂ ਜੋ ਕੋਰੋਨਾ ਦੀ ਰੋਕਥਾਮ ਕੀਤੀ ਜਾ ਸਕੇ। ਐੱਸਐੱਮਓ ਡਾ.ਮਨਿੰਦਰ ਪਾਲ ਸਿੰਘ ਅਤੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਰੋਕਥਾਮ ਲਈ ਸਾਨੂੰ ਹੈਂਡ ਵਾਸ਼ਿੰਗ, ਸੋਸ਼ਲ ਡਿਸਟੈਂਸਿੰਗ ਅਤੇ ਫੇਸ ਮਾਸਕ ਲਗਾਉਣ ਵਰਗੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਟੀਕਾਕਰਣ ਲਈ ਅੱਗੇ ਆਉਣਾ ਚਾਹੀਦਾ ਹੈ।