ਕਿਸੇ ਵੱਲੋਂ ਮ੍ਰਿਤਕ ਦੇਹ 'ਤੇ ਦਾਅਵਾ ਨਾ ਕੀਤੇ ਜਾਣ 'ਤੇ ਪ੍ਰਸ਼ਾਸਨ ਨੇ ਨਿਭਾਈਆਂ ਕੋਵਿਡ ਪ੍ਰਭਾਵਿਤ ਵਿਅਕਤੀ ਦੇ ਅੰਤਿਮ ਸਸਕਾਰ ਦੀਆਂ ਰਸਮਾਂ
- ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਅਧਿਕਾਰੀਆਂ ਵੱਲੋਂ ਐਨ.ਜੀ.ਓ. ਦੇ ਮੈਂਬਰਾਂ ਦੇ ਨਾਲ ਸਸਕਾਰ ਨੂੰ ਸਨਮਾਨ ਪੂਰਵਕ ਬਣਾਇਆ ਗਿਆ ਯਕੀਨੀ
ਜਲੰਧਰ, 17 ਜੂਨ 2021 - ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਅਧਿਕਾਰੀਆਂ ਵੱਲੋਂ ਅੱਜ ਇਕ ਵਾਰ ਫਿਰ ਇਕ ਕੋਵਿਡ-19 ਕਾਰਨ ਦਮ ਤੋੜ ਦੇਣ ਵਾਲੇ ਵਿਅਕਤੀ, ਜਿਸ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕੋਈ ਵੀ ਮ੍ਰਿਤਕ ਦੇਹ 'ਤੇ ਦਾਅਵਾ ਕਰਨ ਲਈ ਅੱਗੇ ਨਹੀਂ ਆਇਆ, ਦਾ ਸਨਮਾਨ ਪੂਰਵਕ ਢੰਗ ਨਾਲ ਅੰਤਿਮ ਸੰਸਕਾਰ ਯਕੀਨੀ ਬਣਾਇਆ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਇਕ ਕੋਵਿਡ-19 ਪੋਜ਼ੀਟਿਵ ਮਰੀਜ਼ ਨੂੰ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਅਗਲੇ ਦਿਨ ਮੌਤ ਹੋ ਗਈ। ਮਰੀਜ਼ ਦੀ ਪਹਿਚਾਨ ਨਿਰਮਲ ਸਿੰਘ (50) ਕਪੂਰਥਲਾ ਰੋਡ ਵਜੋਂ ਹੋਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ 'ਤੇ ਦਾਅਵਾ ਕਰਨ ਲਈ ਕੋਈ ਵੀ ਅੱਗੇ ਨਹੀਂ ਆਇਆ ਅਤੇ ਅਟੈਂਡੈਂਟਾਂ ਦਾ ਫੋਨ ਨੰਬਰ ਬੰਦ ਆਉਂਦਾ ਰਿਹਾ। ਮ੍ਰਿਤਕ ਦੇਹ ਨੂੰ ਕਰੀਬ 10 ਦਿਨ ਮੋਰਚਰੀ ਵਿੱਚ ਰੱਖਿਆ ਗਿਆ ਅਤੇ ਅਧਿਕਾਰੀਆਂ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਲਈ ਠੋਸ ਯਤਨ ਵੀ ਕੀਤੇ ਗਏ।
ਥੋਰੀ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਸਿਹਤ ਅਥਾਰਟੀ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਡਾ. ਕਾਮਰਾਜ ਦੀ ਨਿਗਰਾਨੀ ਹੇਠ ਪ੍ਰੋਟੋਕੋਲ ਅਨੁਸਾਰ ਲਪੇਟਿਆ ਗਿਆ ਅਤੇ ਫਿਰ ਸਸਕਾਰ ਲਈ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ, ਜਿਥੇ ਅਧਿਕਾਰੀਆਂ ਵੱਲੋਂ ਐਨ. ਜੀ. ਓ. ਆਖਰੀ ਉਮੀਦ ਦੇ ਨਾਲ ਸਸਕਾਰ ਸਬੰਧੀ ਅੰਤਿਮ ਰਸਮਾਂ ਨੂੰ ਸਨਮਾਨ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਦੇ ਸਸਕਾਰ ਲਈ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਅੱਗੇ ਨਹੀਂ ਆਉਂਦਾ ਤਾਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਪ੍ਰਸ਼ਾਸਨ ਦੇ ਕੰਟੋਰਲ ਰੂਮ ਨੰਬਰ 0181-2224417 ਅਤੇ 0181-2224848 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੱਲ ਰਹੇ ਸਿਹਤ ਸੰਕਟ ਦੌਰਾਨ ਜ਼ਿਲ੍ਹਾ ਵਾਸੀਆਂ ਦੀ ਹਰ ਸੰਭਵ ਮਦਦ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।