ਹੁਸ਼ਿਆਰਪੁਰ: ਜ਼ਿਲ੍ਹੇ ਦੇ 162 ਪਿੰਡਾਂ ’ਚ 100 ਫੀਸਦੀ ਹੋਇਆ ਟੀਕਾਕਰਨ : ਡੀ ਸੀ
- ਡਿਪਟੀ ਕਮਿਸ਼ਨਰ ਨੇ ਟੀਕਾਕਰਨ ਲਈ ਅੱਗੇ ਆਉਣ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੀ ਵਧਾਈ, ਹੋਰ ਪਿੰਡਾਂ ਨੂੰ ਵੀ 100 ਫੀਸਦੀ ਟੀਕਾਕਰਨ ਲਈ ਕੀਤਾ ਪ੍ਰੇਰਿਤ
- ਕਿਹਾ, ਹੁਣ ਤੱਕ ਜ਼ਿਲ੍ਹੇ ’ਚ ਲਾਭਪਾਤਰੀਆਂ ਨੂੰ ਕੋਵਿਡ ਟੀਕਾਕਰਨ ਦੀ ਲਗਾਈਆਂ ਜਾ ਚੁੱਕੀਆਂ ਹਨ 520337 ਡੋਜਿਜ਼
- ਬਿਸਤਰ ’ਤੇ ਪਏ ਰੋਗੀਆਂ ਦਾ ਸਿਹਤ ਵਿਭਾਗ ਦੀ ਮੋਬਾਇਲ ਟੀਮ ਘਰ ਜਾ ਕੇ ਕਰੇਗੀ ਟੀਕਾਕਰਨ, ਲਾਭਪਾਤਰੀ ਮੋਬਾਇਲ 78146-40600 ’ਤੇ ਵਟਸਅੱਪ ਕਰਕੇ ਸੁਵਿਧਾ ਦਾ ਲੈ ਸਕਦੇ ਹਨ ਲਾਭ
ਹੁਸ਼ਿਆਰਪੁਰ, 22 ਜੂਨ 2021 - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿਸ਼ਨ ਫਤਿਹ-2 ਤਹਿਤ ਪੇਂਡੂ ਖੇਤਰਾਂ ਵਿੱਚ ਟੀਕਾਕਰਨ ਨੂੰ ਲੈ ਕੇ ਚਲਾਈ ਗਈ ਮੁਹਿੰਮ ਨੂੰ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ, ਜਿਸ ਦੇ ਚੱਲਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਲੋਕ ਕੋਵਿਡ ਟੀਕਾਕਰਨ ਕਰਵਾ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 162 ਪਿੰਡਾਂ ਵਿੱਚ 100 ਫੀਸਦੀ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਦੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਬਿਨ੍ਹਾਂ ਥੱਕੇ ਲਗਾਤਾਰ ਕੋਵਿਡ ਟੈਸਟਿੰਗ ਅਤੇ ਟੀਕਾਕਰਨ ਕਰ ਰਹੀਆਂ ਹਨ, ਜਿਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਨੂੰ ਲੈ ਕੇ ਜ਼ਿਲ੍ਹੇ ਵਿੱਚ ਮਿਸਾਲ ਕਾਇਮ ਕਰਦੇ ਹੋਏ ਲਾਭਪਾਤਰੀਆਂ ਨੂੰ 5 ਲੱਖ ਤੋਂ ਵੱਧ ਡੋਜਿਜ਼ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 520337 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਜਦਕਿ ਜ਼ਿਲ੍ਹੇ ਵਿੱਚ 18 ਸਾਲ ਤੋਂ ਵੱਧ ਦੀ ਜਨਸੰਖਿਆ 12 ਲੱਖ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕ ਕੋਵਿਡ ਟੀਕਾਕਰਨ ਨੂੰ ਲੈ ਕੇ ਕਾਫੀ ਜਾਗਰੂਕ ਹੋਏ ਹਨ, ਜਿਸ ਦੇ ਚੱਲਦੇ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ ਵੀ ਕਾਫੀ ਘੱਟ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 19742 ਲਾਭਪਾਤਰੀਆਂ ਦਾ ਟੀਕਾਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਥੇ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਕੈਂਪਾਂ ਰਾਹੀਂ ਟੀਕਾਕਰਨ ਜਾਰੀ ਹੈ ਉਥੇ ਬਿਸਤਰ ’ਤੇ ਪਏ ਰੋਗੀਆਂ (ਬੈਡਰਿਡੇਨ) ਦੇ ਲਈ ਵੀ ਸਿਹਤ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤਾਂ ਜੋ ਇਨ੍ਹਾਂ ਦਾ ਵੀ ਟੀਕਾਕਰਨ ਕੀਤਾ ਜਾ ਸਕੇ। ਇਸ ਕੈਟਾਗਿਰੀ ਦੇ ਲੋਕਾਂ ਦਾ ਸਿਹਤ ਵਿਭਾਗ ਦੀਆਂ ਮੋਬਾਇਲ ਟੀਮਾਂ ਘਰ ਜਾ ਕੇ ਟੀਕਾਕਰਨ ਕਰ ਰਹੀਆਂ ਹਨ, ਜਿਸ ਦੇ ਚੱਲਦੇ ਕਾਫੀ ਲੋਕਾਂ ਤੱਕ ਇਹ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਲਾਭਪਾਤਰੀ ਮੋਬਾਇਲ ਨੰਬਰ 78146-40600 ’ਤੇ ਵਟਸਅੱਪ ਕਰ ਸਕਦਾ ਹੈ ਅਤੇ ਦੱਸੇ ਗਏ ਪਤੇ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਬਿਸਤਰ ’ਤੇ ਪਏ ਰੋਗੀ ਜੋ ਕਿ ਕਿਤੇ ਆ ਜਾ ਨਹੀਂ ਸਕਦੇ, ਦਾ ਘਰ ਜਾ ਕੇ ਕੋਵਿਡ ਟੀਕਾਕਰਨ ਕਰਨਗੀਆਂ।
ਅਪਨੀਤ ਰਿਆਤ ਨੇ ਦੱਸਿਆ ਕਿ ਇਸੇ ਤਰ੍ਹਾਂ ਦਿਵਆਂਗਜਨ ਦੇ ਲਈ ਵੀ ਡਰਾਈਵ ਥਰੂ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਨਹਿਰ ਕਲੋਨੀ ਡਿਸਪੈਂਸਰੀ ਹੁਸ਼ਿਆਰਪੁਰ ਵਿੱਚ ਇਨ੍ਹਾਂ ਨੂੰ ਡਰਾਈਵ ਥਰੂ ਟੀਕਾਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਦੋ ਦਿਨ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿੱਤੀ ਜਾਣ ਵਾਲੀ ਇਸ ਸੁਵਿਧਾ ਤਹਿਤ ਦਿਵਆਂਗਜਨ ਨੂੰ ਡਿਸਪੈਂਸਰੀ ਆਉਣ ’ਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਬੰਧਤ ਦਿਵਆਂਗਜਨ ਲਾਭਪਾਤਰੀ ਦੀ ਉਸਦੀ ਗੱਡੀ ਵਿੱਚ ਹੀ ਵੈਕਸੀਨੇਸ਼ਨ ਕੀਤੀ ਜਾਵੇਗੀ। ਜੇਕਰ ਲਾਭਪਾਤਰੀ ਡਿਸਪੈਂਸਰੀ ਵਿੱਚ ਸਿੱਧੇ ਆ ਜਾਂਦਾ ਹੈ ਤਾਂ ਵੀ ਉਸਨੂੰ ਹੋਰ ਲਾਭਪਾਤਰੀਆਂ ਦੇ ਮੁਕਾਬਲੇ ਪਹਿਲ ਦਿੱਤੀ ਜਾਵੇਗੀ।