ਫਿਰੋਜ਼ਪੁਰ: ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਹੈ ਕੋਵਿਡ ਟੀਕਾਕਰਣ -ਸਿਵਲ ਸਰਜਨ
ਗੌਰਵ ਮਾਣਿਕ
ਫਿਰੋਜ਼ਪੁਰ 17 ਜੂਨ 2021-- ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਲਗਾਤਾਰ ਜਾਰੀ ਹੈ। ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਟੀਕਾਕਰਨ ਬਹੁਤ ਜਰੂਰੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਸਿਹਤ ਵਿਭਾਗ ਫਿਰੋਜ਼ਪੁਰ ਦੇ ਉੱਚ ਸਿਹਤ ਅਧਿਕਾਰੀਆਂ ਨਾਲ ਇੱਕ ਵਰਚੂਅਲ ਮੀਟਿੰਗ ਦੌਰਾਨ ਕੀਤਾ। ਉਹਨਾਂ ਜਿਲਾ ਨਿਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਸਾਰੇ ਯੋਗ ਵਿਅਕਤੀ ਕੋਵਿਡ ਟੀਕਾਕਰਨ ਕਰਨ ਲਈ ਅੱਗੇ ਆਉਣ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ਅਤੇ ਜ਼ਰੂਰੀ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ ਕਾਇਮ ਰੱਖਣ, ਸਹੀ ਤਰੀਕੇ ਨਾਲ ਮਾਸਕ ਪਾਉਣ ਅਤੇ ਸਮੇ ਸਮੇ ਤੇ ਸਾਬਣ ਪਾਣੀ ਨਾਲ ਹੱਥ ਧੋਣ ਤਾਂ ਕਿ ਕੋਵਿਡ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਡੀ.ਆਈ.ਓ. ਡਾ. ਮੀਨਾਕਸ਼ੀ ਅਬਰੋਲ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਕੋਵਿਡ ਵੈਕਸੀਨ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ। ਇਸ ਲਈ ਲੋਕ ਵੱਧ ਤੋਂ ਵੱਧ ਆਪਣੇ ਘਰਾਂ ਦੇ ਨਜ਼ਦੀਕ ਮੌਜੂਦ ਟੀਕਾਕਰਨ ਸਥਾਨ ਤੇ ਜਾ ਕੇ ਮੁਫ਼ਤ ਵਿੱਚ ਕੋਵਿਡ ਵੈਕਸਿਨ ਟੀਕਾਕਰਨ ਦਾ ਲਾਭ ਲੈ ਸਕਦੇ ਹਨ ਅਤੇ ਨਾਲ ਹੀ ਸਪੇਸ਼ਲ ਡਰਾਈਵ ਦੌਰਾਨ ਯੂ.ਐਲ.ਬੀ ਅਤੇ ਪੀ.ਆਰ.ਆਈ. ਪ੍ਰਤੀਨਿਧੀ, ਜੋ ਵਿਦਿਆਰਥੀ ਵਿਦੇਸ਼ ਜਾ ਰਹੇ ਹਨ, ਸਮੂਹ ਜੇਲ ਕੈਦੀਆਂ ਲਈ, ਹੋਮ ਡਿਲਵਰੀ ਦਾ ਕੰਮ ਕਰਨ ਵਾਲੇ ਵਿਅਕਤੀ, ਬਸ ਕੰਡਕਟਰ, ਡਰਾਇਵਰ, ਲੇਬਰ, ਰੇਹੜੀ ਵਾਲੇ, ਜਿੰਮ, ਸੈਲੂਨ, ਉਦਯੋਗਿਕ ਕਾਮੇ ਦੁਕਾਨਦਾਰ ਅਤੇ ਦੁਕਾਨਾਂ ਤੇ ਕੰਮ ਕਰਦੇ ਲੜਕੇ-ਲੜਕੀਆਂ, ਐਲ.ਪੀ.ਜੀ. ਡਿਸਟੀਬਿਊਸ਼ਨ ਕਰਨ ਵਾਲੇ ਆਪਣੇ ਅਤੇ ਆਪਣੇ ਲਈ ਮੁਫਤ ਟੀਕਾਕਰਣ ਕਰਵਾ ਕੇ ਲਾਭ ਲੈ ਸਕਦੇ ਹਨ।
ਇਸ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫਸਰ, ਫਿਰੋਜ਼ਪੁਰ ਨੇ ਦੱਸਿਆ ਕਿ ਜੋ ਲੋਕ ਵਿਦੇਸ਼ ਪੜਾਈ, ਕੰਮ-ਕਾਜ, ਓਲੰਪਿੰਕ ਖੇਡਾਂ ਵਿੱਚ ਭਾਗ ਲੈਣ ਲਈ ਜਾ ਰਹੇ ਹਨ, ਜਿਨ੍ਹਾਂ ਨੂੰ ਪਹਿਲੀ ਡੋਜ ਲੱਗ ਚੁੱਕੀ ਹੈ, ਉਹਨਾਂ ਨੂੰ ਦੂਜੀ ਡੋਜ 28 ਦਿਨਾਂ ਦੇ ਅੰਦਰ-ਅੰਦਰ ਲਗਾਈ ਜਾਵੇਗੀ। ਦੂਜੀ ਡੋਜ਼ ਲਗਵਾਉਣ ਲਈ ਲਾਭਪਾਤਰੀ ਦੁਆਰਾ ਆਪਣਾ ਪਾਸਪੋਰਟ, ਆਫਰ-ਲੈਟਰ, ਵੀਜ਼ੇ ਦੀ ਕਾਪੀ ਆਦਿ ਨਾਲ ਲੈ ਕੇ ਆਉਣੀ ਜ਼ਰੂਰੀ ਹੈ ਇਹ ਸਹੂਲਤ ਕੇਵਲ ਪ੍ਰਦੇਸ਼ ਜਾਣ ਵਾਲੇ ਲੋਕ ਜੋ ਪੜਾਈ, ਕੰਮ-ਕਾਜ, ਟੋਕੀਓ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲਿਆਂ ਲਈ ਹੀ ਹੈ। ਵਿਦੇਸ਼ ਜਾਣ ਵਾਲੇ ਟੀਕਾਕਰਨ ਦੇ ਯੋਗ ਵਿਅਕਤੀ ਫਿਰਜ਼ੋਪੁਰ ਸ਼ਹਿਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਹੋਸਟਲ, ਸਬ ਡਿਵੀਜਨਲ ਹਸਪਤਾਲ ਜੀਰਾ, ਸੀ.ਐਚ.ਸੀ ਮਮਦੋਟ, ਸੀ.ਐਚ.ਸੀ.ਗੁਰੂਹਰਸਹਾਏ, ਸੀ.ਐਚ.ਸੀ.ਫਿਰੋਜ਼ਸ਼ਾਹ, ਸੀ.ਐਚ.ਸੀ.ਮਖੂ ਅਤੇ ਪੀ.ਐਚ.ਸੀ ਕੱਸੋਆਣਾ ਵਿਖੇ ਇਹ ਸੁਵਿਧਾ ਪ੍ਰਾਪਤ ਕਰ ਸਕਦੇ ਹਨ।