ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲੇ ਅਦਾਰੇ ਹੋਣਗੇ ਸੀਲ
- ਏਡੀਸੀ ਨੇ ਮੀਟਿੰਗ ਦੌਰਾਨ ਵਿਖਾਈ ਸਖਤੀ
ਸ੍ਰੀ ਮੁਕਤਸਰ ਸਾਹਿਬ , 22 ਜੂਨ 2021 - ਜਿਸ ਵੀ ਦੁਕਾਨਦਾਰ ਜਾਂ ਉਸਦੇ ਮੁਲਾਜ਼ਮ ਦਾ ਕੋਰੋਨਾ ਵੈਕਸੀਨ ਦਾ ਟੀਕਾਕਰਨ ਨਾ ਕੀਤਾ ਹੋਵੇਗਾ, ਉਸ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਜਾਵੇਗਾ। ਇਹ ਗੱਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੇਸ਼ ਤਿ੍ਰਪਾਠੀ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਵੱਖ- ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆ, ਐਸੋਸੀਏਸ਼ਨਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਹੀ।
ਉਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਤੇ ਕਾਬੂ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਵੱਖ -ਵੱਖ ਵਿਭਾਗਾਂ ਦੇ ਪ੍ਰਤੀਨਿਧਾਂ ਦੀਆਂ ਚੈਕਿੰਗਾਂ ਟੀਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਕਿ ਉਹ ਦੁਕਾਨਦਾਰਾਂ, ਹੋਟਲਾਂ , ਢਾਬਿਆਂ, ਸ਼ਰਾਬ ਦੇ ਅਹਾਤਿਆਂ, ਹਲਵਾਈ ਦੀਆਂ ਦੁਕਾਨਾਂ, ਬੀਅਰ ਬਾਰ, ਕਲੱਬਾਂ, ਕੋਫੀ ਹਾਊਸ,ਸਬਜੀ ਵੇਚਣ ਵਾਲਿਆਂ, ਕਰਿਆਣੇ ਦੀਆਂ ਦੁਕਾਨਾਂ ਅਤੇ ਫਾਸਟ ਫੂਡ , ਸਾਈਬਰ ਕੈਫੇ, ਆਈਲਟਸ ਸੈਂਟਰਾਂ, ਸਲੂਨ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ ਲਗਵਾ ਲਈ ਹੈ ਜਾਂ ਨਹੀਂ ਸਬੰਧੀ ਚੈਕਿੰਗ ਟੀਮਾਂ ਜ਼ਿਲਾ ਪ੍ਰਸ਼ਾਸਨ ਨੂੰ ਸਰਟੀਫਿਕੇਟ ਦੇਣਗੀਆਂ।
ਮੀਟਿੰਗ ਦੌਰਾਨ ਉਹਨਾਂ ਸਖਤ ਹਦਾਇਤ ਕੀਤੀ ਕਿ ਜਿਸ ਵੀ ਦੁਕਾਨਦਾਰ ਜਾਂ ਉਸਦੀ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜ਼ਮ ਦਾ ਕੋਰੋਨਾ ਟੀਕਾਕਰਨ ਨਹੀਂ ਕੀਤਾ ਹੋਵੇਗਾ, ਉਸਨੂੰ ਸ਼ੀਲ ਕਰ ਦਿੱਤਾ ਜਾਵੇਗਾ । ਉਨਾਂ ਕਿਹਾ ਕਿ ਕੋਰੋਨਾ ਵੈਕਸੀਨ ਸਬੰਧੀ ਆਪਣੀਆਂ ਦੁਕਾਨਾਂ, ਸੰਸਥਾਵਾਂ ਦੇ ਬਾਹਰ ਸਿਹਤ ਵਿਭਾਗ ਪਾਸੋ ਟੀਕਾਕਰਨ ਕਰਵਾਉਣ ਸਬੰਧੀ ਸਰਟੀਫਿਕੇਟ ਵੀ ਲਗਵਾਇਆ ਜਾਵੇ।
ਉਹਨਾਂ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਵਿਚ ਕੋਰੋਨਾ ਵੈਕਸੀਨੇਸ਼ਨ ਸਬੰਧੀ ਸਪੈਸ਼ਲ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ, ਜਿਸ ਵਿਚ 18 ਸਾਲ ਤੋਂ ਉਪਰ ਲੋਕਾਂ ਦੇ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ। ਉਹਨਾਂ ਗਠਿਤ ਕੀਤੀਆਂ ਗਈਆਂ ਟੀਮਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਣੇ ਮੂੰਹ ਤੇ ਮਾਸਕ ਜਰੂਰ ਲਗਾਉਣ, ਆਪਣੇ ਹੱਥਾਂ ਨੂੰ ਸਾਬਣ ਨਾਲ ਧੋਤਾ ਜਾਵੇ, ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ।