ਕੋਵਿਡ ਬਚਾਅ ਸਬੰਧੀ ਟੀਕਾਕਰਨ ਨੂੰ ਲੈ ਕੇ ਲੋਕਾਂ ’ਚ ਵਧੀ ਜਾਗਰੂਕਤਾ, ਮਿਲ ਰਿਹੈ ਲੋਕਾਂ ਦਾ ਸਹਿਯੋਗ : ਅਰੋੜਾ
- ਕੈਬਨਿਟ ਮੰਤਰੀ ਨੇ ਨਹਿਰ ਕਲੋਨੀ ਡਿਸਪੈਂਸਰੀ ’ਚ ਵੈਕਸੀਨੇਸ਼ਨ ਲਗਵਾਓ, ਪੌਦਾ ਲੈ ਜਾਓ ਮੁਹਿੰਮ ਦੀ ਕੀਤੀ ਸ਼ੁਰੂਆਤ
- ਲੋਕਾਂ ਨੂੰ ਟੀਕਾਕਰਨ ਕਰਵਾਉਣ ਅਤੇ ਕੋਵਿਡ-19 ਸਬੰਧੀ ਜਾਰੀ ਸਿਹਤ ਹਦਾਇਤਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਹੁਸ਼ਿਆਰਪੁਰ, 8 ਜੂਨ 2021 - ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬੇ ਵਿੱਚ ਕੋਵਿਡ ਬਚਾਅ ਸਬੰਧੀ ਟੀਕਾਕਰਨ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਵੱਧ ਤੋਂ ਵੱਧ ਲੋਕ ਟੀਕਾਕਰਨ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਬਚਾਅ ਸਬੰਧੀ ਟੀਕਾਕਰਨ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਾਗਰੂਕਤਾ ਵਧੀ ਹੈ, ਜਿਸ ਕਾਰਨ ਇਸ ਮੁਹਿੰਮ ਵਿੱਚ ਲੋਕਾਂ ਦਾ ਕਾਫੀ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਉਹ ਅੱਜ ਨਹਿਰ ਕਲੋਨੀ ਡਿਸਪੈਂਸਰੀ ਵਿੱਚ ਵੈਕਸੀਨੇਸ਼ਨ ਕਰਵਾਓ, ਪੌਦਾ ਲੈ ਜਾਓ ਮੁਹਿੰਮ ਦੀ ਸ਼ੁਰੂਆਤ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਕੋਵਿਡ ਬਚਾਅ ਸਬੰਧੀ ਟੀਕਾਕਰਨ ਕਰਵਾਉਣ ਆਏ ਲਾਭਪਾਤਰੀਆਂ ਨੂੰ ਇਕ-ਇਕ ਪੌਦਾ ਸੌਂਪਿਆ। ਉਨ੍ਹਾਂ ਕਿਹਾ ਕਿ ਪੌਦਾ ਦੇਣ ਦਾ ਉਦੇਸ਼ ਹੈ ਕਿ ਟੀਕਾਕਰਨ ਕਰਵਾਉਣ ਵਾਲਿਆਂ ਨੂੰ ਹਮੇਸ਼ਾ ਯਾਦ ਰਹੇਗਾ ਕਿ ਟੀਕਾਕਰਨ ਵਾਲੇ ਦਿਨ ਉਸਨੇ ਇਕ ਪੌਦਾ ਲਗਾਇਆ ਸੀ ਉਥੇ ਉਨ੍ਹਾਂ ਵਲੋਂ ਲਗਾਇਆ ਗਿਆ ਪੌਦਾ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਵਿੱਚ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਵਿਡ-19 ਵਰਗੀ ਮਹਾਂਮਾਰੀ ਦਾ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਫਰੰਟਲਾਈਨ ਵਰਕਰਾਂ ਨੇ ਜਿਸ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਹੈ, ਉਸਦੇ ਲਈ ਸਮਾਜ ਹਮੇਸ਼ਾ ਉਨ੍ਹਾਂ ਦਾ ਕਰਜ਼ਦਾਰ ਰਹੇਗਾ। ਉਨ੍ਹਾਂ ਕਿਹਾ ਕਿ ਟੀਕਾਕਰਨ ਵਿੱਚ ਆਈ ਤੇਜ਼ੀ ਦੇ ਕਾਰਨ ਹੈ ਹੁਣ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਕਮੀ ਆ ਗਈ ਹੈ।
ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹੁਸ਼ਿਆਰਪੁਰ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਵਿੱਚ ਵੀ ਪੌਦਾ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਤਹਿਤ ਜਿਸ ਪਰਿਵਾਰ ਦੇ ਵਿਅਕਤੀ ਦਾ ਇਥੇ ਅੰਤਮ ਸੰਸਕਾਰ ਹੋਵੇਗਾ ਉਸ ਪਰਿਵਾਰ ਤੋਂ ਪੌਦਾ ਲਗਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੇ ਸੰਸਕਾਰ ਵਿੱਚ ਇਕ ਪੌਦੇ ਦੇ ਕਰੀਬ ਲੱਕੜ ਲੱਗ ਜਾਂਦੀ ਹੈ, ਇਸ ਲਈ ਕੁਦਰਤ ਦਾ ਕਰਜਾ ਵੀ ਅਸੀਂ ਪਰਿਵਾਰ ਵਲੋਂ ਪੌਦਾ ਲਗਵਾ ਕੇ ਵਾਪਸ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਕੋਵਿਡ-19 ਸਬੰਧੀ ਦਿੱਤੇ ਗਏ ਸਿਹਤ ਨਿਰਦੇਸ਼ਾਂ ਜਿਵੇਂ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਸਮੇਂ-ਸਮੇਂ ’ਤੇ ਹੱਥਾਂ ਨੂੰ ਸਾਬਣ ਨਾਲ ਧੋਣਾ ਦੇ ਨਿਯਮਾਂ ਦੀ ਪਾਲਣਾ ਕਰਨ।
ਇਸ ਮੌਕੇ ’ਤੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਚੇਅਰਮੈਨ ਨਗਰ ਸੁਧਾਰ ਟਰੱਸਟ ਐਡਵੋਕੇਟ ਰਾਕੇਸ਼ ਮਰਵਾਹਾ, ਸਿਵਲ ਸਰਜਨ ਡਾ. ਰਣਜੀਤ ਸਿੰਘ, ਡੀ.ਐਫ.ਓ ਅਮਨੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਸੀਮਾ ਗਰਗ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਕੌਂਸਲਰ ਕੁਲਵਿੰਦਰ ਕੌਰ, ਬਲਵਿੰਦਰ ਕੌਰ, ਮਨਮੀਤ ਕੌਰ ਤੁਲੀ, ਐਡਵੋਕੇਟ ਪਵਿੱਤਰ ਸਿੰਘ, ਮੁਕੇਸ਼ ਮੱਲ ਸਾਗਰ, ਨਵਾਬ ਹੁਸੈਨ, ਕਮਲ ਕਟਾਰੀਆ, ਗੁਰਮੀਤ ਰਾਮ, ਅਵਤਾਰ ਸਿੰਘ ਕਪੂਰ, ਅਮਰਜੀਤ ਖੋਸਲਾ, ਸਰਪੰਚ ਕੁਲਦੀਪ ਅਰੋੜਾ, ਮਨਜੀਤ ਸਿੰਘ ਬਿੱਲੂ ਆਦਿ ਵੀ ਮੌਜੂਦ ਸਨ।