ਕੋਵਿਡ ਟੀਕਾਕਰਨ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਕਾਰਗਰ ਉਪਾਅ ਹੈ - ਸਿਵਲ ਸਰਜਨ ਫਿਰੋਜ਼ਪੁਰ
ਗੌਰਵ ਮਾਣਿਕ
- ਜ਼ਿਲੇ ਅੰਦਰ ਕੁੱਲ 11 ਟੀਕਾਕਰਨ ਕੇਂਦਰ ਇਸ ਵੇਲੇ ਕੰਮ ਕਰ ਰਹੇ ਹਨ --ਡਾ: ਮੀਨਾਕਸ਼ੀ ਅਬਰੋਲ
- ਜਾਗਰੂਕਤਾ ਗਤੀਵਧੀ ਅਧੀਨ ਕੋਵਿਡ ਵੈਕਸੀਨੇਸ਼ਨ ਅਤੇ ਕੋਵਿਡ ਸਾਵਧਾਨੀਆਂ ਬਾਰੇ ਜਾਗਰੂਕਤਾ ਮੁਨਿਆਦੀ ਰਿਕਸ਼ਿਆਂ ਨੂੰ ਸਿਵਲ ਸਰਜਨ ਡਾ: ਰਾਜਿੰਦਰ ਰਾਜ ਨੇ ਹਰੀ ਝੰਡੀ ਵਿਖਾਈ
ਫਿਰੋਜ਼ਪੁਰ 9 ਜੂਨ 2021 : ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਵਿਡ ਵੈਕਸੀਨੇਸ਼ਨ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਹੈ।ਇਸ ਟੀਕਾਕਰਨ ਡਰਾਈਵ ਵਿੱਚ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਯੋਗ ਨਾਗਰਿਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।ਇਹ ਖੁਲਾਸਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਦਫਤਰ ਸਿਵਲ ਸਰਜਨ ਤੋਂ ਕੋਵਿਡ ਵੈਕਸੀਨੇਸ਼ਨ ਸਬੰਧੀ ਜਾਗਰੂਕਤਾ ਮਾਇਕਿੰਗ ਰਿਕਸ਼ਾ ਰਵਾਨਾ ਕਰਨ ਮੌਕੇ ਕੀਤਾ। ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਦੀ ਦੇਖ ਰੇਖ ਹੇਠ ਉਲੀਕੀ ਗਈ ਇਸ ਜਾਗਰੂਕਤਾ ਗਤੀਵਧੀ ਅਧੀਨ ਕੋਵਿਡ ਵੈਕਸੀਨੇਸ਼ਨ ਅਤੇ ਕੋਵਿਡ ਸਾਵਧਾਨੀਆਂ ਬਾਰੇ ਜਾਗਰੂਕਤਾ ਮੁਨਿਆਦੀ ਰਿਕਸ਼ਿਆਂ ਨੂੰ ਸਿਵਲ ਸਰਜਨ ਡਾ: ਰਾਜਿੰਦਰ ਰਾਜ ਨੇ ਹਰੀ ਝੰਡੀ ਵਿਖਾਈ।
ਸਿਵਲ ਸਰਜਨ ਡਾ: ਰਾਜ ਨੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਅਤੇ ਕੋਵਿਡ ਸਾਵਧਾਨੀਆਂ ਸਬੰਧੀ ਜਾਕਰੁਕਤਾ ਸੰਦੇਸ਼ ਪ੍ਰਸਾਰਿਤ ਕਰਨ ਹਿੱਤ ਅੱਜ ਰਵਾਨਾ ਕੀਤੇ ਇਹ ਦੋ ਰਿਕਸ਼ੇ ਫਿਰੋਜ਼ਪੁਰ ਸ਼ਹਿਰ ਅਤੇ ਕੈਂਟ ਖੇਤਰ ਵਿੱਚ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਹਿਦਾਇਤਾਂ ਅਨੁਸਾਰ ਕੋਵਿਡ ਵੈਕਸੀਨੇਸ਼ਨ ਕੇਂਦਰਾਂ ਨੁੰ ਸਿਹਤ ਸੰਸਥਾਵਾਂ ਵਿੱਚੋਂ ਤਬਦੀਲ ਕਰਕੇ ਵਿਦਿਅਕ ਜਾਂ ਹੋਰ ਸੰਸਥਾਵਾਂ ਵਿਖੇ ਲਿਜਾਇਆ ਗਿਆ ਹੈ ਤਾਂ ਕਿ ਟੀਕਾਕਰਨ ਕਰਵਾਉਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਖੁੱਲੀ ਜਗਾ ਉਪਲੱਬਧ ਕਰਵਾਈ ਜਾ ਸਕੇ ਅਤੇ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਇਸ ਮੰਤਵ ਲਈ ਜ਼ਿਲੇ ਅੰਦਰ ਕੁੱਲ 11 ਟੀਕਾਕਰਨ ਕੇਂਦਰ ਇਸ ਵੇਲੇ ਕੰਮ ਕਰ ਰਹੇ ਹਨ ਜਿੰਨ੍ਹਾਂ ਵਿੱਚ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਦਾ ਹੋਸਟਲ ਬਲਾਕ, ਫਿਰੋਜ਼ਪੁਰ ਸ਼ਹਿਰ ਦਾ ਪਰਮਾਰਥ ਭਵਨ, ਮਾਲਵਾ ਖਾਲਸਾ ਸਕੂਲ ਫਿਰੋਜ਼ਪੁਰ ਸ਼ਹਿਰ,ਫਿਰੋਜ਼ਪੁਰ ਕੈਂਟ ਦਾ ਸਕਿਲ ਡਿਵੈਲਪਮੈਂਟ ਸੈਂਟਰ,ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੀਰਾ,ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮਮਦੋਟ,ਗੌਰਮਿੰਟ ਸੀਨੀਅਰ ਸਕੂਲ ਮਖੂ,ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਗੁਰੂਹਰਸਹਾਏ, ਗੌਰਮਿੰਟ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ,ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਅਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮੱਲਾਂਵਾਲਾ ਸ਼ਾਮਿਲ ਹਨ।
ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਜ਼ਿਲਾ ਨਿਵਾਸੀਆਂ ਦੇ ਨੂੰ ਇੱਕ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਯੋਗ ਵਿਅਕਤੀ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਵਿਡ ਪ੍ਰੋਟੋਕਾਲ ਦਾ ਪਾਲਣਾ ਯਕੀਨੀ ਬਣਾਉਣ ਜਿਸ ਵਿੱਚ ਸਮਾਜਿਕ ਦੂਰੀ ਕਇਮ ਰੱਖੀ ਜਾਵੇ,ਸਹੀ ਤਰੀਕੇ ਨਾਲ ਮਾਸਕ ਪਾਇਆ ਜਾਵੇ ਅਤੇ ਹੱਥਾਂ ਨੂੰ ਸਮੇ ਸਮੇ ਤੇ ਸਾਬਣ ਪਾਣੀ ਨਾਲ ਸਾਫ ਰੱਖਿਆ ਜਾਵੇ।ਉਹਨਾਂ ਆਪਣੀ ਅਪੀਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਕੋਵਿਡ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਸ਼ੁਰੂਆਤ ਵਿੱਚ ਹੀ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਹ ਟੈਸਟ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਉਪਲੱਬਧ ਹਨ।ਅਜਿਹਾ ਕਰਕੇ ਅਸੀਂ ਕਰੋਨਾ ਦੀ ਲੜੀ ਨੂੰ ਤੋੜ ਸਕਦੇ ਹਾਂ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ:ਸੰਜੀਵ ਗੁਪਤਾ,ਜ਼ਿਲਾ ਐਪੀਡੀਮਾਲੋਜਿਸਟ ਡਾ: ਯੁਵਰਾਜ ਨਾਰੰਗ,ਡਾ: ਹਰਪ੍ਰੀਤ ਕੌਰ,ਡਾ: ਦੀਪਤੀ ਅਰੋੜਾ, ਨੋਡਲ ਅਫਸਰ ਆਈਸੋਲੇਸ਼ਨ ਡਾ: ਵਿਨੀਤ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਹਾਜ਼ਰ ਸਨ।