ਕੋਵਿਡ ਮਹਾਂਮਾਰੀ ਦੇ ਸੰਕਟ ਸਮੇਂ ਨਿਜੀ ਸਨਅਤਾਂ ਵੱਲੋਂ ਮਦਦ ਲਈ ਅੱਗੇ ਆਉਣਾ ਸ਼ਲਾਘਾਯੋਗ - ਕੰਬੋਜ
ਜਗਤਾਰ ਸਿੰਘ
- ਬੁੰਗੇ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਰਾਜਪੁਰਾ ਸਿਵਲ ਹਸਪਤਾਲ ਲਈ ਜੈਨਰੇਟਰ ਭੇਟ
ਰਾਜਪੁਰਾ, 18 ਜੂਨ 2021 - ਕੋਵਿਡ ਮਹਾਂਮਾਰੀ ਵਿਰੁੱਧ ਲੜੀ ਜਾ ਰਹੀ ਜੰਗ 'ਚ ਯੋਗਦਾਨ ਪਾਉਣ ਲਈ ਨਿਜੀ ਸਨਅਤਾਂ ਵੀ ਅੱਗੇ ਆ ਰਹੀਆਂ ਹਨ। ਇਸ ਤਹਿਤ ਰਾਜਪੁਰਾ ਅਧਾਰਤ ਖਾਣ ਵਾਲੇ ਘਿਓ ਤੇ ਤੇਲਾਂ ਦੀ ਉਦਯੋਗਿਕ ਇਕਾਈ, ਬੁੰਗੇ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਅੱਜ ਏ.ਪੀ. ਜੈਨ ਸਿਵਲ ਹਸਪਤਾਲ ਵਿਖੇ ਲਗਾਏ ਜਾ ਰਹੇ ਆਕਸੀਜਨ ਪਲਾਂਟ ਲਈ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਦੀ ਮੌਜੂਦਗੀ 'ਚ 250 ਕਿਲੋਵਾਟ ਦਾ ਸਾਇਲੈਂਟ ਬਿਜਲੀ ਜੈਨਰੇਟਰ ਸੈਟ ਭੇਟ ਕੀਤਾ। ਐਮ.ਐਲ.ਏ. ਸ੍ਰੀ ਕੰਬੋਜ ਨੇ ਬੁੰਗੇ ਇੰਡੀਆ ਦੀ ਮੈਨੇਜਮੈਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿਜੀ ਸਨਅਤਾਂ ਵੱਲੋਂ ਕੋਵਿਡ ਮਹਾਂਮਾਰੀ ਵਰਗੇ ਸੰਕਟ ਦੇ ਸਮੇਂ ਸਰਕਾਰ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਅਤਿ ਸ਼ਲਾਘਾਯੋਗ ਹੈ।
ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਲੋੜ ਨੂੰ ਵੇਖਦਿਆਂ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਟੌਰੈਂਟ ਕੰਪਨੀ ਵੱਲੋਂ ਆਕਸੀਜਨ ਦਾ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਵਾਸਤੇ 15 ਲੱਖ ਤੋਂ ਵਧੇਰੇ ਦੀ ਲਾਗਤ ਵਾਲਾ ਜਨਰੇਟਰ ਸੈਟ ਬੁੰਗੈ ਇੰਡੀਆ ਨੇ ਭੇਟ ਕੀਤਾ ਹੈ।
ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਦਾ ਸਿਵਲ ਹਸਪਤਾਲ ਨਿਜੀ ਖੇਤਰ ਦੇ ਹਸਪਤਾਲਾਂ ਤੋਂ ਵੀ ਬਿਹਤਰ ਹਸਪਤਾਲ ਬਣਕੇ ਸਾਹਮਣੇ ਆਇਆ ਹੈ ਅਤੇ ਜਲਦ ਹੀ ਇੱਥੇ ਮਰੀਜਾਂ ਦੀ ਸਹੂਲਤ ਲਈ ਸਿਟੀ ਸਕੈਨ ਮਸ਼ੀਨ ਵੀ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਿਸ਼ਕਾਮ ਸੇਵਾ ਸੁਸਾਇਟੀ ਆਕਸੀਜਨ ਪਾਈਪ ਲਾਈਨ ਪਵਾ ਰਹੀ ਹੈ ਅਤੇ ਜਦਕਿ ਪਲਾਂਟ ਨੂੰ ਲਗਵਾਉਣ ਲਈ ਬਾਕੀ ਸਾਰੇ ਖ਼ਰਚੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।
ਬੁੰਗੇ ਇੰਡੀਆ ਦੇ ਫੈਕਟਰੀ ਮੈਨੇਜਰ ਮੁਨੀਸ਼ ਵਡੇਰਾ ਨੇ ਦੱਸਿਆ ਕਿ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਅਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨਾਲ ਮੀਟਿੰਗ ਕਰਕੇ ਇਸ ਹਸਪਤਾਲ ਦੀ ਲੋੜ ਮੁਤਾਬਕ ਇਹ ਜੈਨਰੇਟਰ ਸੈਟ ਦਿੱਤਾ ਗਿਆ ਹੈ ਤੇ ਕੰਪਨੀ ਭਵਿੱਖ 'ਚ ਵੀ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬੁੰਗੇ ਇੰਡੀਆ ਵੱਲੋਂ ਪੰਜਾਬ ਇਨਵੈਸਟਮੈਂਟ ਬਿਊਰੋ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਕੋਵਿਡ ਮਰੀਜਾਂ ਦੀ ਲੋੜ ਲਈ 3000 ਪਲਸ ਆਕਸੀਮੀਟਰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਸੌਂਪੇ ਗਏ ਸਨ।
ਐਸ.ਐਮ.ਓ. ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਇਹ ਜੈਨਰੇਟਰ ਸੈਟ ਆਕਸੀਜਨ ਪਲਾਂਟ ਲਈ ਬਹੁਤ ਲਾਭਦਾਇਕ ਸਾਬਤ ਹੋਵੇਗਾ ਅਤੇ ਇਸ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਮਰੀਜਾਂ ਲਈ ਬਿਹਤਰ ਇਲਾਜ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਜੈਨੇਰੇਟਰ ਨਾਲ ਇਕੱਲਾ ਆਕਸੀਜਨ ਪਲਾਂਟ ਹੀ ਨਹੀਂ ਬਲਕਿ ਸਿਵਲ ਹਸਪਤਾਲ 'ਚ ਵੀ ਐਮਰਜੈਂਸੀ ਸਮੇਂ ਬਿਜਲੀ ਦੀ ਲੋੜ ਪੂਰੀ ਹੋਵੇਗੀ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਚੇਅਰਮੈਨ ਮਾਰਕੀਟ ਕਮੇਟੀ ਬਲਦੇਵ ਸਿੰਘ ਗਦੋਮਾਜਰਾ, ਤਹਿਸੀਲਦਾਰ ਰਮਨਦੀਪ ਕੌਰ, ਨਾਇਬ ਤਹਿਸੀਲਦਾਰ ਰਾਜੀਵ ਤੇਜਪਾਲ, ਬੁੰਗੇ ਇੰਡੀਆ ਰਾਜਪੁਰਾ ਦੇ ਐਚ.ਆਰ. ਤੇ ਪ੍ਰਬੰਧ ਦੇ ਸਹਾਇਕ ਮੈਨੇਜਰ ਸੰਦੀਪ ਸ਼ਰਮਾ ਸਮੇਤ ਇਲਾਕੇ ਦੇ ਕੌਂਸਲਰ ਤੇ ਪਤਵੰਤੇ ਮੌਜੂਦ ਸਨ।